ਓਸਲੋ, 18 ਮਈ (ਏਜੰਸੀ, ਡਿੰਪਾ ਵਿਰਕ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪੱਛਮੀ ਏਸ਼ੀਆ ਸੰਕਟ ਅਤੇ ਯੂਕਰੇਨ ਸੰਘਰਸ਼ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕਰਨ ਦਾ ਸੱਦਾ ਦਿੱਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਫੌਜੀ ਕਾਰਵਾਈ ਨਾਲ ਹੀ ਸਥਾਈ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ | ਮੋਦੀ ਨੇ ਇਹ ਟਿੱਪਣੀਆਂ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਹਿਰ ਸਟੋਰ ਨਾਲ ਵਿਆਪਕ ਗੱਲਬਾਤ ਕਰਨ ਤੋਂ ਬਾਅਦ ਕੀਤੀਆਂ | ਇਸ ਗੱਲਬਾਤ ਦਾ ਮੁੱਖ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਾ ਸੀ | ਮੋਦੀ ਨੇ ਮੀਡੀਆ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਭਾਰਤ ਅਤੇ ਨਾਰਵੇ, ਦੋਵੇਂ ਹੀ ਨਿਯਮ-ਆਧਾਰਿਤ ਵਿਵਸਥਾ, ਗੱਲਬਾਤ ਅਤੇ ਕੂਟਨੀਤੀ 'ਚ ਵਿਸ਼ਵਾਸ ਰੱਖਦੇ ਹਨ | ਅਸੀਂ ਇਸ ਗੱਲ 'ਤੇ ਸਹਿਮਤ ਹਾਂ ਕਿ ਕੋਈ ਵੀ ਮੁੱਦਾ ਸਿਰਫ਼ ਫ਼ੌਜੀ ਟਕਰਾਅ ਰਾਹੀਂ ਹੱਲ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਕਿ ਚਾਹੇ ਯੂਕਰੇਨ ਹੋਵੇ ਜਾਂ ਪੱਛਮੀ ਏਸ਼ੀਆ, ਅਸੀਂ ਟਕਰਾਅ ਜਲਦ ਤੋਂ ਜਲਦ ਖਤਮ ਕਰਨ ਅਤੇ ਸ਼ਾਂਤੀ ਲਿਆਉਣ ਲਈ ਹਰ ਕੋਸ਼ਿਸ਼ ਦਾ ਸਮਰਥਨ ਕਰਦੇ ਰਹਾਂਗੇ | ਮੋਦੀ ਸਵੀਡਨ ਤੋਂ ਓਸਲੋ ਪਹੁੰਚਣ ਤੋਂ ਕੁਝ ਘੰਟਿਆਂ ਬਾਅਦ ਸਟੋਰ ਨੂੰ ਮਿਲੇ | ਪ੍ਰਧਾਨ ਮੰਤਰੀ ਨੇ ਵਿਸ਼ਵ ਸੰਸਥਾਵਾਂ 'ਚ ਸੁਧਾਰ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਅਸੀਂ ਇਸ ਨੁਕਤੇ 'ਤੇ ਵੀ ਸਹਿਮਤ ਹਾਂ ਕਿ ਵਧਦੀਆਂ ਵਿਸ਼ਵ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ਵ ਸੰਸਥਾਵਾਂ 'ਚ ਸੁਧਾਰ ਕਰਨਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਹਰ ਰੂਪ 'ਚ ਅੱਤਵਾਦ ਨੂੰ ਇਸ ਦੀਆਂ ਜੜ੍ਹਾਂ ਤੋਂ ਖਤਮ ਕਰਨਾ ਸਾਡੀ ਸਾਂਝੀ ਵਚਨਬੱਧਤਾ ਹੈ | ਮੋਦੀ ਨੇ ਪਿਛਲੇ ਸਾਲ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੂੰ ਦਿੱਤੇ ਗਏ ਸਮਰਥਨ ਲਈ ਨਾਰਵੇ ਦੀ ਤਰੀਫ਼ ਵੀ ਕੀਤੀ | ਉਨ੍ਹਾਂ ਕਿਹਾ ਕਿ ਮੈਂ ਪਿਛਲੇ ਸਾਲ ਨਾਰਵੇ ਆਉਣਾ ਸੀ, ਪਰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਕਾਰਨ ਮੈਨੂੰ ਯਾਤਰਾ ਮੁਲਤਵੀ ਕਰਨੀ ਪਈ | ਉਸ ਮੁਸ਼ਕਿਲ ਸਮੇਂ ਦÏਰਾਨ ਨਾਰਵੇ ਅੱਤਵਾਦ ਦੇ ਵਿਰੁੱਧ ਭਾਰਤ ਨਾਲ ਮਜ਼ਬੂਤੀ ਨਾਲ ਖੜ੍ਹਾ ਰਿਹਾ ਅਤੇ ਸੱਚੀ ਦੋਸਤੀ ਦਾ ਸਬੂਤ ਦਿੱਤਾ | ਮੋਦੀ ਨੇ ਕਿਹਾ ਕਿ ਅੱਜ ਜਦੋਂ ਮੈਂ ਨਾਰਵੇ ਆਇਆ ਹਾਂ, ਤਾਂ ਮੈਂ ਉਸ ਇਕਜੁਟਤਾ ਲਈ ਆਪਣਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ | ਮੋਦੀ ਨੇ ਭਾਰਤ ਦੀ ਅਗਵਾਈ ਵਾਲੀ ਹਿੰਦ-ਪ੍ਰਸ਼ਾਂਤ ਮਹਾਂਸਾਗਰ ਪਹਿਲਕਦਮੀ 'ਚ ਸ਼ਾਮਿਲ ਹੋਣ ਦੇ ਨਾਰਵੇ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਦੋ ਪ੍ਰਮੁੱਖ ਸਮੁੰਦਰੀ ਦੇਸ਼ ਹੋਣ ਨਾਤੇ ਅਸੀਂ ਸਮੁੰਦਰੀ ਅਰਥਵਿਵਸਥਾ, ਸਮੁੰਦਰੀ ਸੁਰੱਖਿਆ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ 'ਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਾਂਗੇ |
ਨਾਰਵੇ ਦੇ ਰਾਜੇ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਸਲੋ ਦੇ ਰਾਇਲ ਪੈਲੇਸ ਵਿਖੇ ਨਾਰਵੇ ਦੇ ਮਹਾਂਮਹਿਮ ਰਾਜਾ ਹੈਰਾਲਡ ਪੰਜਵੇਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ 'ਚ ਤੇਜ਼ੀ ਨਾਲ ਹੋ ਰਹੇ ਬਦਲਾਵਾਂ ਅਤੇ ਨਾਰਵੇ ਦੇ ਕਾਰੋਬਾਰਾਂ ਲਈ ਇਸ ਨਾਲ ਪੈਦਾ ਹੋ ਰਹੇ ਨਵੇਂ ਮੌਕਿਆਂ 'ਤੇ ਚਾਨਣਾ ਪਾਇਆ |
ਨਾਰਵੇ ਦੀਆਂ ਕੰਪਨੀਆਂ ਨੂੰ ਨਿਵੇਸ਼ ਦਾ ਸੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਵੇ ਦੀਆਂ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੇਸ਼ ਨੇ ਟੈਕਸ, ਲੇਬਰ ਕੋਡ ਤੇ ਸ਼ਾਸਨ 'ਚ ਕਈ ਸੁਧਾਰ ਕੀਤੇ ਹਨ | ਇੰਡੀਆ-ਨਾਰਵੇ ਵਪਾਰਕ ਤੇ ਖੋਜ ਸੰਮੇਲਨ 'ਚ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਸਾਂਝੇਦਾਰੀ ਦੀ ਨੀਂਹ ਬਹੁਤ ਮਜ਼ਬੂਤ ਹੈ | ਉਨ੍ਹਾਂ ਕਿਹਾ ਕਿ ਅੱਜ ਜਦੋਂ ਭੋਜਨ, ਈਾਧਨ ਤੇ ਖਾਦ ਦੀ ਸੁਰੱਖਿਆ ਇਕ ਤਰ੍ਹਾਂ ਨਾਲ ਵਿਸ਼ਵ ਚੁਣੌਤੀ ਬਣ ਗਈ ਹੈ ਤਾਂ ਭਾਰਤ ਤੇ ਨਾਰਵੇ ਇਸ ਸਮੱਸਿਆ ਦਾ ਹੱਲ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ | ਇਸ ਸੰਮੇਲਨ 'ਚ ਵਪਾਰਕ ਤੇ ਖੋਜ ਭਾਈਚਾਰਿਆਂ ਤੋਂ 50 ਤੋਂ ਜ਼ਿਆਦਾ ਕੰਪਨੀਆਂ ਦੇ ਸੀ.ਈ.ਓਜ਼ ਤੇ 250 ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ |
ਨਾਰਵੇ ਦਾ ਸਰਬਉੱਚ ਨਾਗਰਿਕ ਸਨਮਾਨ ਮਿਲਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾਰਵੇ ਦੇ ਸਰਬਉੱਚ ਨਾਗਰਿਕ ਸਨਮਾਨ 'ਗ੍ਰੈਂਡ ਕਰਾਸ ਆਫ਼ ਦ ਰਾਇਲ ਨਾਰਵੇਜੀਅਨ ਆਰਡਰ ਆਫ਼ ਮੈਰਿਟ' ਨਾਲ ਸਨਮਾਨਿਤ ਕੀਤਾ ਗਿਆ | ਇਹ ਮੋਦੀ ਦਾ 32ਵਾਂ ਅੰਤਰਰਾਸ਼ਟਰੀ ਸਨਮਾਨ ਹੈ | 'ਗ੍ਰੈਂਡ ਕਰਾਸ' 'ਰਾਇਲ ਨਾਰਵੇਜੀਅਨ ਆਰਡਰ ਆਫ਼ ਮੈਰਿਟ' ਦਾ ਸਭ ਤੋਂ ਉੱਚਾ ਦਰਜਾ ਹੈ | ਇਹ ਨਾਰਵੇ ਦੇ ਹਿੱਤਾਂ ਅਤੇ ਅੰਤਰਰਾਸ਼ਟਰੀ ਸੰਬੰਧਾਂ ਨੂੰ ਅੱਗੇ ਵਧਾਉਣ 'ਚ ਬੇਮਿਸਾਲ ਸੇਵਾ ਲਈ ਦਿੱਤਾ ਜਾਂਦਾ ਹੈ | ਇਕ ਦਿਨ ਪਹਿਲਾਂ, ਮੋਦੀ ਨੂੰ ਦੁਵੱਲੇ ਸੰਬੰਧਾਂ 'ਚ ਉਨ੍ਹਾਂ ਦੇ ਅਸਾਧਾਰਨ ਯੋਗਦਾਨ ਅਤੇ ਉਨ੍ਹਾਂ ਦੀ ਦੂਰਦਰਸ਼ੀ ਲੀਡਰਸ਼ਿਪ ਦੇ ਸਨਮਾਨ 'ਚ ਸਵੀਡਨ ਦਾ ਵੱਕਾਰੀ 'ਰਾਇਲ ਆਰਡਰ ਆਫ਼ ਦ ਪੋਲਰ ਸਟਾਰ, ਡਿਗਰੀ ਕਮਾਂਡਰ ਗ੍ਰੈਂਡ ਕਰਾਸ' ਨਾਲ ਸਨਮਾਨਿਤ ਕੀਤਾ ਗਿਆ ਸੀ | ਪ੍ਰਧਾਨ ਮੰਤਰੀ ਮੋਦੀ ਅੱਜ ਸਵੀਡਨ ਤੋਂ ਦੋ ਦਿਨਾਂ ਦੌਰੇ 'ਤੇ ਇਥੇ ਪਹੁੰਚੇ | ਇਹ ਮੋਦੀ ਦੀ ਨਾਰਵੇ ਦੀ ਪਹਿਲੀ ਯਾਤਰਾ ਹੈ ਅਤੇ 43 ਸਾਲਾਂ 'ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਸ ਦੇਸ਼ ਦੀ ਪਹਿਲੀ ਯਾਤਰਾ ਹੈ |
ਮੋਦੀ ਵਲੋਂ ਪੱਛਮੀ ਏਸ਼ੀਆ ਤੇ ਯੂਕਰੇਨ 'ਚ ਸੰਘਰਸ਼ਾਂ ਦੇ ਸ਼ਾਂਤੀਪੂਰਨ ਹੱਲ ਦਾ ਸੱਦਾ <br/>
ਅਜੀਤ ਡੈਸਕ
19-05-2026