ਪੰਚਕੂਲਾ, 19 ਮਈ (ਕਪਿਲ)-ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਸਿੰਗਲਾ ਨੂੰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਪੰਚਕੂਲਾ ਦੀ ਵਿਸ਼ੇਸ਼ ਈ. ਡੀ. ਅਦਾਲਤ 'ਚ ਪੇਸ਼ ਕੀਤਾ ਗਿਆ | ਜਾਣਕਾਰੀ ਮੁਤਾਬਿਕ 155 ਕਰੋੜ ਰੁ. ਦੇ ਬੈਂਕ ਘੁਟਾਲੇ ਦੇ ਮਾਮਲੇ 'ਚ ਈ. ਡੀ. ਨੇ ਦੀਪਕ ਸਿੰਗਲਾ ਨੂੰ ਬੀਤੇ ਕੱਲ੍ਹ ਗਿ੍ਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ 'ਚ ਪੇਸ਼ ਕੀਤਾ ਗਿਆ | ਈ. ਡੀ. ਅਦਾਲਤ ਦੇ ਜੱਜ ਦੇ ਛੁੱਟੀ 'ਤੇ ਹੋਣ ਕਾਰਨ ਮਾਮਲੇ 'ਚ ਰਿਮਾਂਡ ਸੰਬੰਧੀ ਸੁਣਵਾਈ ਨਹੀਂ ਹੋ ਸਕੀ, ਜਿਸ ਕਾਰਨ ਅਦਾਲਤ ਨੇ ਦੀਪਕ ਸਿੰਗਲਾ ਨੂੰ ਇਕ ਦਿਨ ਲਈ ਨਿਆਂਇਕ ਹਿਰਾਸਤ ਤਹਿਤ ਅੰਬਾਲਾ ਜੇਲ੍ਹ ਭੇਜ ਦਿੱਤਾ | ਸਿੰਗਲਾ ਨੂੰ ਬੁੱਧਵਾਰ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਈ. ਡੀ. ਵਲੋਂ ਇਸ ਮਾਮਲੇ 'ਚ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ, ਤਾਂ ਜੋ ਮਾਮਲੇ ਨਾਲ ਜੁੜੇ ਹੋਰ ਤੱਥਾਂ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਜਾ ਸਕੇ |