ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਦੇਸ਼ ਭਰ ਵਿਚ ਆਮ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਔਸਤਨ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ | ਪੱਛਮੀ ਏਸ਼ੀਆ ਵਿਚ ਚੱਲ ਰਹੀ ਜੰਗ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ ਦਾ ਸਿੱਧਾ ਅਸਰ ਹੁਣ ਭਾਰਤੀ ਖਪਤਕਾਰਾਂ ਦੀ ਜੇਬ 'ਤੇ ਪੈਣ ਲੱਗ ਪਿਆ ਹੈ | ਅੱਜ ਹੋਏ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ਵਿਚ ਪੈਟਰੋਲ 87 ਪੈਸੇ ਦੀ ਤੇਜ਼ੀ ਨਾਲ 97.77 ਰੁਪਏ ਤੋਂ ਵਧ ਕੇ 98.64 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ਡੀਜ਼ਲ 91 ਪੈਸੇ ਮਹਿੰਗਾ ਹੋ ਕੇ 91.58 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ | ਦੇਸ਼ ਦੇ ਹੋਰਨਾਂ ਮਹਾਨਗਰਾਂ ਵਿਚ ਵੀ ਤੇਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ | ਮੁੰਬਈ ਵਿਚ ਪੈਟਰੋਲ 91 ਪੈਸੇ ਦੇ ਵਾਧੇ ਨਾਲ 107.59 ਰੁਪਏ ਅਤੇ ਡੀਜ਼ਲ 94 ਪੈਸੇ ਦੀ ਮਾਰ ਨਾਲ 94.08 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ | ਕੋਲਕਾਤਾ ਵਿਚ ਸਭ ਤੋਂ ਵੱਧ 96 ਪੈਸੇ ਦਾ ਵਾਧਾ ਦਰਜ ਕੀਤਾ ਗਿਆ, ਜਿੱਥੇ ਪੈਟਰੋਲ ਦੀ ਕੀਮਤ 109.70 ਰੁਪਏ ਹੋ ਗਈ ਹੈ | ਇਸੇ ਤਰ੍ਹਾਂ ਚੇਨਈ ਵਿਚ ਪੈਟਰੋਲ 104.49 ਰੁਪਏ ਅਤੇ ਜੈਪੁਰ ਵਿਚ 108.91 ਰੁਪਏ ਪ੍ਰਤੀ ਲੀਟਰ ਦੇ ਪੱਧਰ ਨੂੰ ਛੂਹ ਗਿਆ ਹੈ | ਜ਼ਿਕਰਯੋਗ ਹੈ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਜਨਤਾ 'ਤੇ ਇਹ ਦੂਜੀ ਵੱਡੀ ਮਾਰ ਹੈ | ਇਸ ਤੋਂ ਪਹਿਲਾਂ ਬੀਤੀ 15 ਮਈ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 3-3 ਰੁਪਏ ਪ੍ਰਤੀ ਲੀਟਰ ਦਾ ਭਾਰੀ ਵਾਧਾ ਕੀਤਾ ਗਿਆ ਸੀ |
ਪੈਟਰੋਲ ਤੇ ਡੀਜ਼ਲ 90 ਪੈਸੇ ਹੋਇਆ ਮਹਿੰਗਾ
ਅਜੀਤ ਡੈਸਕ
20-05-2026