ਲੰਡਨ, 9 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੱਛਮੀ ਲੰਡਨ ਦੇ ਹੰਸਲੋ ਇਲਾਕੇ ’ਚ 26 ਸਾਲਾ ਪੰਜਾਬਣ ਨਵਨੀਤ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਚ ਮੈਟਰੋਪੋਲਿਟਨ ਪੁਲਿਸ ਨੇ 31 ਸਾਲਾ ਰਜਤ ਜਸਵੇਲ ਖ਼ਿਲਾਫ਼ ਹੱਤਿਆ ਸਮੇਤ ਹੋਰ ਗੰਭੀਰ ਦੋਸ਼ ਲਗਾਏ ਹਨ। ਮੈਟਰੋਪੋਲਿਟਨ ਪੁਲਿਸ ਅਨੁਸਾਰ 4 ਨਵੰਬਰ ਨੂੰ ਪੁਲਿਸ ਅਧਿਕਾਰੀ ਚਰਟਸੀ ਰੋਡ ਸਥਿਤ ਰਿਹਾਇਸ਼ੀ ਮਕਾਨ ’ਚ ਇਕ ਵਿਅਕਤੀ ਦੀ ਭਾਲ ਸੰਬੰਧੀ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੂੰ ਉੱਥੇ ਨਵਨੀਤ ਕੌਰ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲੀ। ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਘਟਨਾ ਤੋਂ ਬਾਅਦ ਭਾਰਤੀ ਮੂਲ ਦੇ 31 ਸਾਲਾ ਰਜਤ ਜਸਵੇਲ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਹੱਤਿਆ ਅਤੇ ਜਾਨ ਨੂੰ ਖ਼ਤਰੇ ’ਚ ਪਾਉਣ ਦੇ ਇਰਾਦੇ ਨਾਲ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ।
ਲੰਡਨ ’ਚ ਪੰਜਾਬਣ ਦੀ ਗੋਲੀਆਂ ਮਾਰ ਕੇ ਹੱਤਿਆ
ਲੰਡਨ ’ਚ ਪੰਜਾਬਣ ਦੀ ਗੋਲੀਆਂ ਮਾਰ ਕੇ ਹੱਤਿਆ
ਅਜੀਤ ਡੈਸਕ
10-11-2026