10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਯੂ.ਪੀ. ’ਚ ਸੜਕ ਹਾਦਸਾ-ਹਰਿਆਣਾ ਦੇ 6 ਨੌਜਵਾਨ ਜ਼ਿੰਦਾ ਸੜੇ

ਯੂ.ਪੀ. ’ਚ ਸੜਕ ਹਾਦਸਾ-ਹਰਿਆਣਾ ਦੇ 6 ਨੌਜਵਾਨ ਜ਼ਿੰਦਾ ਸੜੇ

ਅਜੀਤ ਡੈਸਕ 10-11-2026

ਮੁਜ਼ੱਫਰਨਗਰ, 9 ਨਵੰਬਰ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿਚ ਸੋਮਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਕਾਰ ਨੂੰ ਅੱਗ ਲੱਗਣ ਕਾਰਨ ਛੇ ਨੌਜਵਾਨ ਜਿਊਂਦੇ ਸੜ ਗਏ । ਇਹ ਹਾਦਸਾ ਸ਼ਾਮਲੀ ਹਾਈਵੇਅ ’ਤੇ ਜਗਾਹੇੜੀ ਪਿੰਡ ਨੇੜੇ ਟਿਤਾਵੀ ਥਾਣਾ ਖੇਤਰ ਵਿਚ ਵਾਪਰਿਆ । ਪੁਲਿਸ ਅਨੁਸਾਰ, ਕਾਰ ਵਿਚ ਸਵਾਰ ਸਾਰੇ ਛੇ ਨੌਜਵਾਨ ਹਰਿਆਣਾ ਦੇ ਹਿਸਾਰ ਦੇ ਰਹਿਣ ਵਾਲੇ ਸਨ ਤੇ ਹਿਸਾਰ ਤੋਂ ਹਰਿਦੁਆਰ ਜਾ ਰਹੇ ਸਨ । ਮ੍ਰਿਤਕਾਂ ਦੀ ਪਛਾਣ ਰਾਹੁਲ (22), ਅੰਕਿਤ (21), ਸਾਹਿਲ (22), ਅਜੈ (22), ਅੰਕਿਤ (22) ਅਤੇ ਅਮਨ (19) ਵਜੋਂ ਹੋਈ ਹੈ । ਕਾਰ ਸਾਹਿਲ ਚਲਾ ਰਿਹਾ ਸੀ । ਸੀਨੀਅਰ ਪੁਲਿਸ ਕਪਤਾਨ ਸੂਰਜ ਕੁਮਾਰ ਰਾਏ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਕਾਰ ਤੇਜ਼ ਰਫ਼ਤਾਰ ਵਿਚ ਸੀ। ਇਸ ਦੌਰਾਨ ਚਾਲਕ ਕਾਰ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਕਾਰ ਪਹਿਲਾਂ ਡਿਵਾਈਡਰ ਨਾਲ ਟਕਰਾਈ ਤੇ ਫਿਰ ਬਿਜਲੀ ਦੇ ਖੰਭੇ ਨਾਲ ਜਾ ਵੱਜੀ । ਟੱਕਰ ਤੋਂ ਬਾਅਦ ਕਾਰ ਪਲਟ ਗਈ ਅਤੇ ਉਸ ਨੂੰ ਅੱਗ ਲੱਗ ਗਈ । ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਬਚਾਅ ਕਾਰਜ ਸ਼ੁਰੂ ਕੀਤਾ । ਸਾਰੇ ਨੌਜਵਾਨਾਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸਥਾਨਕ ਲੋਕਾਂ ਮੁਤਾਬਕ ਅੱਗ ਲੱਗਣ ਕਾਰਨ ਕਾਰ ਵਿੱਚ ਸਵਾਰ ਨੌਜਵਾਨ ਅੰਦਰ ਹੀ ਫਸ ਗਏ ਸਨ ਅਤੇ ਬਾਹਰ ਨਹੀਂ ਨਿਕਲ ਸਕੇ। ਪੁਲਿਸ ਨੇ ਦੱਸਿਆ ਕਿ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਾਦਸੇ ਦੀ ਅਗਲੇਰੀ ਜਾਂਚ ਜਾਰੀ ਹੈ।

ਪਿਛਲੀ ਖ਼ਬਰ ਰੂਸ-ਯੂਕਰੇਨ ਜੰਗ ਦਾ ਹੱਲ ਗੱਲਬਾਤ ਤੇ ਕੂਟਨੀਤੀ ਰਾਹੀਂ ਹੀ ਨਿਕਲੇ-ਮੋਦੀ ਅਗਲੀ ਖ਼ਬਰ ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਾਪਸ ਜਾਣ ਲਈ ਨਵਾਂ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ ਮੰਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।