ਦੁਬਈ, 3 ਜੂਨ (ਏਜੰਸੀ)-ਈਰਾਨ ਦੇ ਰੈਵੋਲਿਓਸ਼ਨਰੀ ਗਾਰਡ ਕੋਰ (ਆਈ. ਆਰ. ਜੀ. ਸੀ.) ਨੇ ਕਿਹਾ ਕਿ ਉਸ ਨੇ ਦੇਰ ਰਾਤ ਕੁਵੈਤ ਅਤੇ ਬਹਿਰੀਨ 'ਚ ਅਮਰੀਕੀ ਦੀ 'ਫਿਫਥ ਫਲੀਟ' ਅਤੇ ਇਕ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ ਗਏ | ਆਈ. ਆਰ. ਜੀ. ਸੀ. ਦਾ ਕਹਿਣਾ ਹੈ ਕਿ ਇਹ ਜਵਾਬੀ ਹਮਲਾ ਸੀ, ਕਿਉਂਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਉਸ ਦੇ ਕੇਸ਼ਮ ਦੀਪ ਸਥਿਤ ਟੈਲੀਕਾਮ ਐਂਟੀਨਾ ਅਤੇ ਈਰਾਨੀ ਤੇਲ ਟੈਂਕਰ ਨੂੰ ਨਿਸ਼ਾਨਾ ਬਣਾਇਆ ਸੀ | ਦੂਜੇ ਪਾਸੇ, ਅਮਰੀਕੀ ਸੈਂਟਰ ਕਮਾਂਡ (ਸੈਂਟਕਾਮ) ਨੇ ਦੱਸਿਆ ਕਿ ਉਸ ਨੇ ਆਤਮ ਰੱਖਿਆ 'ਚ ਕੇਸ਼ਮ ਦੀਪ ਸਥਿਤ ਈਰਾਨੀ ਫ਼ੌਜ ਦੇ ਇਕ ਜ਼ਮੀਨੀ ਕੰਟਰੋਲ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਸੀ | ਅਮਰੀਕਾ ਨੇ ਦਾਅਵਾ ਕੀਤਾ ਕਿ ਈਰਾਨ ਵਲੋਂ ਕੁਵੈਤ 'ਤੇ ਦਾਗੀਆਂ ਦੋ ਮਿਜ਼ਾਈਲਾਂ ਆਪਣੇ ਟੀਚੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਡਿੱਗ ਗਈਆਂ ਜਾਂ ਰਸਤੇ 'ਚ ਹੀ ਨਸ਼ਟ ਹੋ ਗਈਆਂ, ਜਦੋਂਕਿ ਬਹਿਰੀਨ ਵੱਲ ਦਾਗੀਆਂ ਤਿੰਨ ਹੋਰ ਮਿਜ਼ਾਈਲਾਂ ਨੂੰ ਅਮਰੀਕੀ ਅਤੇ ਬਹਿਰੀਨੀ ਹਵਾਈ ਰੱਖਿਆ ਪ੍ਰਣਾਲੀਆਂ ਵਲੋਂ ਤੁਰੰਤ ਰੋਕ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਇਕ ਖਾਲੀ ਤੇਲ ਟੈਂਕਰ ਨੂੰ ਨਿਸ਼ਾਨਾ ਬਣਾਇਆ ਸੀ, ਜੋ ਨਾਕਾਬੰਦੀ ਤੋੜ ਕੇ ਈਰਾਨ ਵੱਲ ਜਾ ਰਿਹਾ ਸੀ | ਅਮਰੀਕੀ ਸੈਂਟਰ ਕਮਾਂਡ (ਸੈਂਟਕਾਮ) ਨੇ ਦੱਸਿਆ ਕਿ ਇਕ ਅਮਰੀਕੀ ਜਹਾਜ਼ ਨੇ ਬੋਤਸਵਾਨਾ ਦੇ ਝੰਡੇ ਵਾਲੇ ਐਮ/ਟੀ ਜਹਾਜ਼ ਦੇ ਇੰਜਣ 'ਤੇ ਹੈਲਫਾਇਰ ਮਿਜ਼ਾਈਲ ਦਾਗੀ ਸੀ | ਇਸ ਵਿਚਕਾਰ ਸੈਂਟਕਾਮ ਨੇ ਅਮਰੀਕਾ ਦੀ 'ਫਿਫਥ ਫਲੀਟ' ਉਤੇ ਹਮਲੇ ਦੇ ਈਰਾਨ ਦੇ ਦਾਅਵੇ ਨੂੰ ਗਲਤ ਕਰਾਰ ਦਿੱਤਾ ਹੈ | ਸੈਂਟਕਾਮ ਵਲੋਂ ਜਾਰੀ ਬਿਆਨ ਅਨੁਸਾਰ ਆਈ.ਆਰ.ਜੀ.ਸੀ. ਵਲੋਂ ਅੱਜ ਬਹਿਰੀਨ 'ਚ ਅਮਰੀਕਾ ਦੇ 5ਵੇਂ ਵੱਡੇ ਬੇੜੇ ਦੇ ਮੁੱਖ ਦਫ਼ਤਰ ਅਤੇ ਖੇਤਰ 'ਚ ਸਥਿਤ ਇਕ ਅਮਰੀਕੀ ਏਅਰਬੇਸ 'ਤੇ ਮਿਜ਼ਾਈਲਾਂ ਅਤੇ ਡਰੋਨ ਨਾਲ ਕੀਤੇ ਹਮਲਿਆਂ ਨੂੰ ਅਮਰੀਕੀ ਬਲਾਂ ਨੇ ਅਸਫ਼ਲ ਕਰ ਦਿੱਤਾ ਹੈ | ਸੈਂਟਕਾਮ ਅਨੁਸਾਰ ਇਲਾਕੇ ਤੋਂ ਗੁਜ਼ਰ ਰਹੇ ਨਾਗਰਿਕ ਜਹਾਜ਼ਾਂ ਵੱਲ ਦਾਗੇ ਗਏ 3 ਆਤਮਘਾਤੀ ਡਰੋਨਾਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ |
ਭਾਰਤ ਵਲੋਂ ਹਮਲੇ ਦੀ ਨਿੰਦਾ
ਨਵੀਂ ਦਿੱਲੀ, 3 ਜੂਨ (ਪੀ. ਟੀ. ਆਈ.)-ਭਾਰਤ ਨੇ ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ, ਜਿਸ 'ਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਨਵੀਂ ਦਿੱਲੀ ਨੇ ਇਹ ਵੀ ਜ਼ੋਰਦਾਰ ਅਪੀਲ ਕੀਤੀ ਹੈ ਕਿ ਨਾਗਰਿਕ ਆਬਾਦੀ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਅੱਜ ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹਾਂ, ਜਿਸ 'ਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ ਅਤੇ ਸਾਡੇ ਕਈ ਨਾਗਰਿਕ ਜ਼ਖ਼ਮੀ ਹੋਏ ਹਨ।
ਈਰਾਨ ਵਲੋਂ ਕੁਵੈਤ ਤੇ ਬਹਿਰੀਨ 'ਚ ਮਿਜ਼ਾਈਲ ਹਮਲੇ <br/>
ਅਜੀਤ ਡੈਸਕ
04-06-2026