ਨਵੀਂ ਦਿੱਲੀ, 4 ਜੂਨ (ਏਜੰਸੀ)-ਭਾਰਤ ਅਤੇ ਅਮਰੀਕਾ ਨੇ ਇਕ ਆਪਸੀ ਲਾਭ ਵਾਲੇ ਵਪਾਰ ਸਮਝੌਤੇ ਨੂੰ ਪੂਰਾ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ, ਜਿਸ ਨਾਲ ਦੋਵੇਂ ਦੇਸ਼ਾਂ ਦਰਮਿਆਨ ਵਪਾਰ ਅਤੇ ਆਰਥਿਕ ਸੰਬੰਧ ਮਜ਼ਬੂਤ ਹੋਣਗੇ | ਵੀਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ | ਦੋਵੇਂ ਦੇਸ਼ਾਂ ਦੇ ਮੁੱਖ ਵਾਰਤਾਕਾਰਾਂ ਨੇ ਇਥੇ ਚਾਰ ਦਿਨਾਂ ਤੱਕ ਚੱਲੀ ਗੱਲਬਾਤ (1-4 ਜੂਨ) ਪੂਰੀ ਕੀਤੀ | ਵਣਜ ਮੰਤਰਾਲੇ ਨੇ ਕਿਹਾ ਕਿ ਇਹ ਗੱਲਬਾਤ ਸਹਿਯੋਗ ਅਤੇ ਵਿਵਹਾਰਕਤਾ ਦੀ ਭਾਵਨਾ ਨਾਲ ਭਰੀ ਰਹੀ | ਦੋਵੇਂ ਧਿਰਾਂ ਨੇ ਇਕ ਅਜਿਹੇ ਆਪਸੀ ਫਾਇਦੇ ਵਾਲੇ ਸਮਝੌਤੇ ਨੂੰ ਪੂਰਾ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ, ਜਿਸ ਨਾਲ ਦੋਵੇਂ ਦੇਸ਼ਾਂ ਦਰਮਿਆਨ ਵਪਾਰ ਅਤੇ ਆਰਥਿਕ ਸੰਬੰਧ ਮਜ਼ਬੂਤ ਹੋਣਗੇ | ਮੰਤਰਾਲੇ ਨੇ ਦੱਸਿਆ ਕਿ ਦੋਵੇਂ ਟੀਮਾਂ ਨੇ ਕਈ ਮੁੱਦਿਆਂ 'ਤੇ ਰਚਨਾਤਮਿਕ ਅਤੇ ਸਕਾਰਾਤਮਿਕ ਚਰਚਾ ਕੀਤੀ | ਇਨ੍ਹਾਂ 'ਚ ਵਸਤੂਆਂ ਦਾ ਵਪਾਰ, ਗੈਰ-ਟੈਰਿਫ ਉਪਾਅ, ਸੀਮਾ ਕਰ ਅਤੇ ਵਪਾਰ ਸਹੂਲਤ, ਆਰਥਿਕ ਸੁਰੱਖਿਆ ਤਾਲਮੇਲ ਅਤੇ ਆਪਸੀ ਹਿੱਤ ਦੇ ਹੋਰ ਖੇਤਰ ਸ਼ਾਮਿਲ ਸਨ | ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਲਈ ਰੂਪਰੇਖਾ ਨੂੰ ਅੰਤਿਮ ਰੂਪ ਦੇਣ ਬਾਅਦ ਦੋਵੇਂ ਦੇਸ਼ ਹੁਣ ਅੰਤਰਿਮ ਵਪਾਰ ਸਮਝੌਤੇ ਦੇ ਵੇਰਵੇ ਨੂੰ ਅੰਤਿਮ ਰੂਪ ਦੇਣ ਅਤੇ ਵਿਆਪਕ ਬੀ. ਟੀ. ਏ. ਲਈ ਗੱਲਬਾਤ ਨੂੰ ਅੱਗੇ ਵਧਾਉਣ 'ਤੇ ਕੰਮ ਕਰ ਰਹੇ ਹਨ |