28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਈਰਾਨ ਨੂੰ ਧਮਕੀ ਦੇਣ ਤੋਂ ਬਾਅਦ ਪਲਟਿਆ ਟਰੰਪ

ਅਜੀਤ ਡੈਸਕ 12-06-2026
ਦੁਬਈ, 11 ਜੂਨ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਤੇਲ ਤੇ ਗੈਸ ਭੰਡਾਰਾਂ 'ਤੇ ਕਬਜ਼ਾ ਕਰਨ ਦੀ ਧਮਕੀ ਤੋਂ ਕੁਝ ਘੰਟਿਆਂ ਬਾਅਦ ਆਪਣੇ ਬਿਆਨ ਤੋਂ ਪਲਟਦਿਆਂ ਕਿਹਾ ਕਿ ਉਸ ਨੇ ਈਰਾਨ 'ਤੇ ਨਵੇਂ ਫ਼ੌਜੀ ਹਮਲੇ ਦੇ ਆਦੇਸ਼ ਵਾਪਸ ਲੈ ਲਏ ਹਨ | ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਕਿ ਉਨ੍ਹਾਂ ਨੇ ਇਹ ਕਦਮ ਇਸ ਤੱਥ ਦੇ ਆਧਾਰ 'ਤੇ ਚੁੱਕਿਆ ਹੈ ਕਿ ਈਰਾਨ ਨਾਲ ਚਰਚਾਵਾਂ ਨੂੰ ਈਰਾਨੀ ਲੀਡਰਸ਼ਿਪ ਦੇ ਉੱਚ ਪੱਧਰ 'ਤੇ ਪਹੁੰਚਾਇਆ ਗਿਆ ਹੈ ਅਤੇ ਮਨਜ਼ੂਰੀ ਦਿੱਤੀ ਗਈ ਹੈ | ਟਰੰਪ ਨੇ ਇਹ ਵੀ ਸੰਕੇਤ ਦਿੱਤਾ ਕਿ ਜੰਗਬੰਦੀ ਨੂੰ ਵਧਾਉਣ ਲਈ ਗੱਲਬਾਤ 'ਚ ਪ੍ਰਗਤੀ ਹੋਈ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਰੰਪ ਨੇ ਈਰਾਨ ਨੂੰ ਧਮਕੀ ਦਿੰਦਿਆਂ ਦਾਅਵਾ ਕੀਤਾ ਸੀ ਕਿ ਨੇੜਲੇ ਭਵਿੱਖ 'ਚ ਅਮਰੀਕਾ ਈਰਾਨ ਦੇ ਤੇਲ ਅਤੇ ਗੈਸ ਦੇ ਉਦਯੋਗ 'ਤੇ ਪੂਰਨ ਕਬਜ਼ਾ ਕਰ ਲਵੇਗਾ, ਜਿਸ 'ਚ ਪ੍ਰਮੁੱਖ ਤੇਲ ਬਰਾਮਦ ਕੇਂਦਰ ਖਾਰਗ ਟਾਪੂ ਵੀ ਸ਼ਾਮਿਲ ਹੈ | ਟਰੰਪ ਦੀ ਧਮਕੀ ਦੇ ਜਵਾਬ 'ਚ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਕਿਹਾ ਕਿ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਉਣਾ ਤਾਕਤ ਨਹੀਂ ਨਿਰਾਸ਼ਾ ਦਾ ਪ੍ਰਦਰਸ਼ਨ ਹੈ | ਜ਼ਿਕਰਯੋਗ ਹੈ ਕਿ ਖਾਰਗ ਟਾਪੂ ਈਰਾਨ ਲਈ ਰਣਨੀਤਿਕ ਤੌਰ 'ਤੇ ਬੇਹੱਦ ਮਹੱਤਵਪੂਰਨ ਹੈ | ਈਰਾਨ ਦੇ ਜ਼ਿਆਦਾਤਰ ਕੱਚੇ ਤੇਲ ਦੀ ਬਰਾਮਦ ਇਸ ਟਾਪੂ ਦੇ ਟਰਮੀਨਲ ਰਾਹੀਂ ਹੁੰਦੀ ਹੈ | ਈਰਾਨੀ ਸੰਸਦ ਦੇ ਰਾਸ਼ਟਰੀ ਸੁਰੱਖਿਆ ਕਮਿਸ਼ਨ ਦੇ ਪ੍ਰਮੁੱਖ ਇਬਰਾਹਿਮ ਅਜ਼ੀਜ਼ੀ ਨੇ ਕਿਹਾ ਅਸੀਂ ਹਾਰਨ ਵਾਲਿਆਂ ਤੋਂ ਲੜਨ ਤੋਂ ਨਹੀਂ ਡਰਦੇ | ਉਨ੍ਹਾਂ ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਕਿਹਾ ਕਿ ਇਸ ਵਾਰ ਜੰਗ ਸਿਰਫ ਇਲਾਕੇ (ਖਾੜੀ) ਤੱਕ ਸੀਮਤ ਨਹੀਂ ਰਹੇਗੀ | ਦੇਖਦਾ ਹਾਂ ਕੀ ਹੁੰਦਾ ਹੈ | ਅਜ਼ੀਜ਼ੀ ਨੇ ਕਿਹਾ ਕਿ ਟਰੰਪ ਦੇ ਦੱਸੇ ਹੋਏ ਅੰਕੜੇ ਦੇ ਮੁਕਾਬਲੇ ਮਾਰੇ ਗਏ (ਈਰਾਨ ਜੰਗ 'ਚ) ਜਾਂ ਜ਼ਖ਼ਮੀ ਹੋਏ ਅਮਰੀਕੀਆਂ ਦੀ ਗਿਣਤੀ ਪਹਿਲਾਂ ਹੀ ਕਿਤੇ ਜ਼ਿਆਦਾ ਹੈ ਅਤੇ ਇਹ ਗਿਣਤੀ ਹੋਰ ਵਧੇਗੀ | ਇਸ ਤੋਂ ਪਹਿਲਾਂ ਅਮਰੀਕਾ ਨੇ ਈਰਾਨ ਦੇ ਕਈ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ | ਈਰਾਨ 'ਚ ਕਈ ਜਗ੍ਹਾ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ | ਹਾਲਾਂਕਿ, ਹਮਲਿਆਂ 'ਚ ਕਿੰਨਾ ਵੱਡਾ ਨੁਕਸਾਨ ਹੋਇਆ | ਇਹ ਅਜੇ ਸਪੱਸ਼ਟ ਨਹੀਂ ਹੈ | ਅਮਰੀਕੀ ਹਮਲਿਆਂ ਤੋਂ ਬਾਅਦ ਈਰਾਨ ਨੇ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਹੈ ਅਤੇ ਉਥੋਂ ਗੁਜ਼ਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੀ ਚਿਤਾਵਨੀ ਦਿੱਤੀ ਹੈ | ਈਰਾਨ ਦੀ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਨੇ ਇਕ ਸੋਸ਼ਲ ਮੀਡੀਆ ਪੋਸਟ 'ਚ ਦਾਅਵਾ ਕੀਤਾ ਕਿ ਵੀਰਵਾਰ ਤੜਕੇ ਆਈ.ਆਰ.ਜੀ.ਸੀ. ਦੀ ਏਅਰੋਸਪੇਸ ਫੋਰਸ ਅਤੇ ਜਲ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਅਮਰੀਕੀ ਫ਼ੌਜ ਦੀ ਕਾਰਵਾਈ ਦਾ ਮੂੰਹ ਤੋੜ ਜਵਾਬ ਦਿੱਤਾ ਹੈ, ਜਿਸ 'ਚ ਅਲੀ ਅਲ ਸਲੇਮ (ਕੁਵੈਤ), ਅਹਿਮਦ ਅਲ ਜ਼ਾਬੇਰ (ਕੁਵੈਤ) ਅਤੇ ਸ਼ੇਖ ਈਸਾ ਏਅਰ ਬੇਸ (ਬਹਿਰੀਨ) 'ਤੇ ਮੌਜੂਦ ਅਮਰੀਕਾ ਦੇ 18 ਅਹਿਮ ਫ਼ੌਜੀ ਟਿਕਾਣਿਆਂ 'ਤੇ ਹਮਲਾ ਕੀਤੇ ਗਏ ਹਨ |

ਪਿਛਲੀ ਖ਼ਬਰ ਵਿਦਿਆਰਥੀ, ਕਿਸਾਨ ਅਤੇ ਮਹਿੰਗਾਈ ਨੂੰ ਲੈ ਕੇ ਭਾਜਪਾ ਖ਼ਿਲਾਫ਼ ਰਾਸ਼ਟਰੀ ਮੁਹਿੰਮ ਸ਼ੁਰੂ ਕਰੇਗੀ ਕਾਂਗਰਸ ਅਗਲੀ ਖ਼ਬਰ ਕਲਿਆਣ ਬੈਨਰਜੀ ਵੀ ਨਾਰਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।