28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਿਖ਼ਰ 'ਤੇ ਪਹੁੰਚਿਆ ਮਕਬੂਜ਼ਾ ਕਸ਼ਮੀਰ 'ਚ ਵਿਰੋਧ ਪ੍ਰਦਰਸ਼ਨ

ਅਜੀਤ ਡੈਸਕ 12-06-2026

• ਸੁਰੱਖਿਆ ਬਲਾਂ ਦੀ ਸਖ਼ਤੀ ਦੇ ਬਾਵਜੂਦ ਡੇਢ ਲੱਖ ਪ੍ਰਦਰਸ਼ਨਕਾਰੀਆਂ ਨੇ ਕੱਢਿਆ ਰੋਸ ਮਾਰਚ
• ਜੇ. ਏ. ਏ. ਸੀ. ਦੇ ਪ੍ਰਬੰਧਕਾਂ ਨੂੰ ਭਾਰਤੀ ਏਜੰਟ ਦੱਸਦਿਆਂ 1 ਕਰੋੜ ਦੇ ਇਨਾਮ ਦਾ ਐਲਾਨ

ਅੰਮਿ੍ਤਸਰ, 11 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) 'ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਵਲੋਂ ਕੀਤੀ ਗਈ ਗੋਲੀਬਾਰੀ 'ਚ 32 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੇ ਬਾਵਜੂਦ ਜਨਤਾ ਦਾ ਮਨੋਬਲ ਅਡੋਲ ਹੈ ਤੇ ਉੱਥੇ ਵਿਰੋਧ ਪ੍ਰਦਰਸ਼ਨ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ | ਸੁਰੱਖਿਆ ਬਲਾਂ ਦੀ ਸਖ਼ਤੀ ਨੂੰ ਟਾਲਦੇ ਹੋਏ 150,000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੇ ਲੰਘੇ ਦਿਨ ਪੀ. ਓ. ਕੇ. ਦੇ ਰਾਵਲਕੋਟ ਵੱਲ ਮਾਰਚ ਕੀਤਾ | ਆਟਾ, ਉੱਚ ਬਿਜਲੀ ਬਿੱਲਾਂ ਅਤੇ ਬੁਨਿਆਦੀ ਸਹੂਲਤਾਂ ਲਈ ਸ਼ੁਰੂ ਹੋਇਆ ਇਹ ਅੰਦੋਲਨ ਹੁਣ ਇਕ ਜਨਤਕ ਵਿਦਰੋਹ 'ਚ ਬਦਲ ਗਿਆ ਹੈ | ਇਸਲਾਮਾਬਾਦ ਅਤੇ ਪਾਕਿਸਤਾਨੀ ਫ਼ੌਜੀ ਸਥਾਪਨਾ ਵਿਰੁੱਧ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਦਾ ਗੁੱਸਾ ਆਪਣੇ ਸਿਖਰ 'ਤੇ ਪਹੁੰਚ ਗਿਆ ਹੈ | ਬੈਨਰ ਫੜੇ ਪ੍ਰਦਰਸ਼ਨਕਾਰੀਆਂ ਦੇ ਵੱਡੇ ਸਮੂਹ ਰਾਵਲਕੋਟ, ਬਾਗ, ਹੱਟੀਆਂ ਬਾਲਾ, ਕੋਟਲੀ, ਮੀਰਪੁਰ, ਸੁਧਨੋਟੀ, ਧੀਰਕੋਟ, ਡਡਿਆਲ ਅਤੇ ਮੁਜ਼ੱਫਰਾਬਾਦ ਦੀਆਂ ਸੜਕਾਂ 'ਤੇ ਮਾਰਚ ਕਰ ਰਹੇ ਹਨ | ਰਾਵਲਕੋਟ 'ਚ ਇਕੱਠੇ ਹੋਣ ਬਾਅਦ ਪ੍ਰਦਰਸ਼ਨਕਾਰੀ ਮੁਜ਼ੱਫਰਾਬਾਦ ਵੱਲ ਮਾਰਚ ਕਰ ਰਹੇ ਹਨ ਅਤੇ ਉੱਥੇ ਪਹੁੰਚਣ 'ਤੇ ਪ੍ਰਸ਼ਾਸਨ ਸਾਹਮਣੇ 38-ਨੁਕਾਤੀ ਮੰਗਾਂ ਪੇਸ਼ ਕੀਤੀਆਂ ਜਾਣਗੀਆਂ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਮੁਜ਼ੱਫਰਾਬਾਦ ਪਹੁੰਚਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਮੁੱਖ ਹਾਈਵੇਅ ਅਤੇ ਸੰਪਰਕ ਸੜਕਾਂ ਬੰਦ ਕਰ ਦਿੱਤੀਆਂ | ਵੱਡੇ ਦਰੱਖ਼ਤ ਕੱਟ ਕੇ ਸੜਕਾਂ 'ਤੇ ਰੱਖੇ ਗਏ ਹਨ ਤਾਂ ਜੋ ਕਾਫ਼ਲਿਆਂ ਨੂੰ ਹੌਲੀ ਕੀਤਾ ਜਾ ਸਕੇ | ਇਸ ਦੇ ਬਾਵਜੂਦ ਭੀੜ ਬਦਲਵੇਂ ਰਸਤਿਆਂ ਦੀ ਵਰਤੋਂ ਕਰਕੇ ਅੱਗੇ ਵਧ ਰਹੀ ਹੈ | ਇਕ ਪਾਸੇ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਗੋਲੀਬਾਰੀ ਨਾਲ ਜ਼ਖ਼ਮੀ ਹੋਏ ਦਰਜਨਾਂ ਪ੍ਰਦਰਸ਼ਨਕਾਰੀ ਹਸਪਤਾਲਾਂ 'ਚ ਆਪਣੀ ਜ਼ਿੰਦਗੀ ਲਈ ਲੜ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪਾਕਿਸਤਾਨੀ ਹਕੂਮਤ ਨੇ ਆਪਣਾ ਦਮਨ ਹੋਰ ਤੇਜ਼ ਕਰ ਦਿੱਤਾ ਹੈ | ਜੁਆਇੰਟ ਆਵਾਮੀ ਐਕਸ਼ਨ ਕਮੇਟੀ (ਜੇ. ਏ. ਏ. ਸੀ.) ਵਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੇ ਚਾਰ ਮੁੱਖ ਪ੍ਰਬੰਧਕਾਂ ਸ਼ੌਕਤ ਨਵਾਜ਼ ਮੀਰ, ਉਮਰ ਨਜ਼ੀਰ ਕਸ਼ਮੀਰੀ, ਖ਼ਵਾਜਾ ਮੇਹਰਾਨ ਅਰਸ਼ਦ ਅਤੇ ਸਰਦਾਰ ਅਮਨ ਖ਼ਾਨ 'ਤੇ ਦੇਸ਼-ਧ੍ਰੋਹ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਭਾਰਤੀ ਏਜੰਟ ਦੱਸਦਿਆਂ ਉਨ੍ਹਾਂ 'ਤੇ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ | ਇਸ ਬਾਰੇ ਜਾਰੀ ਨੋਟੀਫ਼ਿਕੇਸ਼ਨ 'ਚ ਕਿਹਾ ਗਿਆ ਹੈ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ | ਇਸ ਅੰਦੋਲਨ ਨੇ ਸਿੱਧੇ ਤੌਰ 'ਤੇ ਇਸਲਾਮਾਬਾਦ ਦੇ ਸ਼ਾਸਨ ਅਤੇ ਨਿਯੰਤਰਨ ਨੂੰ ਚੁਣੌਤੀ ਦਿੱਤੀ ਹੈ | ਜੇਕਰ ਫ਼ੌਜ ਦੁਬਾਰਾ ਤਾਕਤ ਦੀ ਵਰਤੋਂ ਕਰਦੀ ਹੈ ਤਾਂ ਪੀ. ਓ. ਕੇ. ਦੀ ਅੱਗ ਪੂਰੇ ਪਾਕਿ ਨੂੰ ਆਪਣੀ ਲਪੇਟ 'ਚ ਲੈ ਸਕਦੀ ਹੈ | ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ਸੂਬਿਆਂ 'ਚ ਗੂੰਜਣ ਵਾਲੇ ਨਾਅਰੇ 'ਯਹ ਜੋ ਦਹਿਸ਼ਤਗਰਦੀ ਹੈ, ਇਸ ਕੇ ਪੀਛੇ ਵਰਦੀ ਹੈ' ਹੁਣ ਪੀ. ਓ. ਕੇ. 'ਚ ਵੀ ਗੂੰਜ ਰਹੇ ਹਨ | ਭੀੜ ਨੂੰ ਸੰਬੋਧਨ ਕਰਦੇ ਹੋਏ ਉੱਥੋਂ ਦੇ ਸਥਾਨਕ ਨੇਤਾ ਸਰਦਾਰ ਅਮਾਨ ਖਾਨ ਨੇ ਪਾਕਿਸਤਾਨੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਾਕਿਸਤਾਨੀ ਫ਼ੌਜ ਹਸਪਤਾਲ, ਭੋਜਨ, ਰੁਜ਼ਗਾਰ ਅਤੇ ਬੁਨਿਆਦੀ ਅਧਿਕਾਰਾਂ ਦੀ ਮੰਗ ਕਰਨ ਵਾਲੇ ਨਿਹੱਥੇ ਨਾਗਰਿਕਾਂ ਨੂੰ ਅੱਤਵਾਦੀ ਦੱਸ ਰਹੀ ਹੈ | ਬਲੋਚਿਸਤਾਨ, ਖ਼ੈਬਰ ਪਖਤੂਨਖਵਾ, ਸਿੰਧ ਅਤੇ ਲਹਿੰਦੇ ਪੰਜਾਬ ਤੋਂ ਪੁੱਛੋ ਕਿ ਅਸਲ ਅੱਤਵਾਦੀ ਕੌਣ ਹਨ? ਹਰ ਕੋਈ ਫ਼ੌਜ ਵੱਲ ਉਂਗਲ ਚੁੱਕੇਗਾ | ਉਨ੍ਹਾਂ ਦਾ ਨਕਾਬ ਉੱਤਰ ਚੁੱਕਾ ਹੈ |

ਪਿਛਲੀ ਖ਼ਬਰ ਮੁਸ਼ਕਿਲ ਸਮੇਂ 'ਚ ਮਮਤਾ ਬੈਨਰਜੀ ਦਾ ਸਾਥ ਨਹੀਂ ਛੱਡਾਂਗਾ-ਸ਼ਤਰੂਘਨ ਸਿਨਹਾ ਅਗਲੀ ਖ਼ਬਰ ਪੰਜਾਬ 'ਚ ਖੜਗੇ, ਰਾਹੁਲ ਦੀ ਅਗਵਾਈ ਹੇਠ ਚੋਣਾਂ ਲੜੇਗੀ ਕਾਂਗਰਸ- ਰਾਜਾ ਵੜਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।