ਵਾਸ਼ਿੰਗਟਨ, 13 ਜੂਨ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਨਾਲ ਜੰਗ ਖ਼ਤਮ ਕਰਨ ਲਈ ਐਤਵਾਰ ਨੂੰ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਹੋਰਮੁਜ਼ ਜਲਮਾਰਗ ਸਾਰਿਆਂ ਲਈ ਖੁੱਲ੍ਹ ਜਾਵੇਗਾ | ਟਰੰਪ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ ਕਿ ਇਸ ਸਮਝੌਤੇ 'ਤੇ ਕੱਲ੍ਹ (ਐਤਵਾਰ) ਨੂੰ ਹਸਤਾਖ਼ਰ ਹੋਣ ਵਾਲੇ ਹਨ ਤੇ ਹਸਤਾਖ਼ਰ ਹੁੰਦੇ ਹੀ ਹੋਰਮੁਜ਼ ਜਲਮਾਰਗ ਸਾਰਿਆਂ ਲਈ ਖੋਲ੍ਹ ਦਿੱਤਾ ਜਾਵੇਗਾ | ਟਰੰਪ ਨੇ ਇਹ ਵੀ ਕਿਹਾ ਕਿ ਇਸ ਸਮਝੌਤੇ ਤਹਿਤ ਅਮਰੀਕਾ ਈਰਾਨ ਨੂੰ ਕੋਈ ਪੈਸਾ ਨਹੀਂ ਦੇਵੇਗਾ | ਉਨ੍ਹਾਂ ਓਬਾਮਾ ਪ੍ਰਸ਼ਾਸਨ 'ਤੇ ਦੋਸ਼ ਲਗਾਇਆ ਕਿ ਉਸ ਨੇ ਈਰਾਨ ਨੂੰ ਅਰਬਾਂ ਡਾਲਰ ਦਿੱਤੇ ਸਨ, ਜਿਸ 'ਚ 1.7 ਅਰਬ ਡਾਲਰ ਦੀ ਨਕਦੀ ਵੀ ਸ਼ਾਮਿਲ ਸੀ | ਉਨ੍ਹਾਂ ਕਿਹਾ ਕਿ ਅਮਰੀਕਾ ਭਵਿੱਖ 'ਚ ਈਰਾਨ ਅਤੇ ਪੂਰੇ ਮੱਧ ਪੂਰਬ ਨਾਲ ਬਿਹਤਰ ਸੰਬੰਧ ਚਾਹੁੰਦਾ ਹੈ | ਹਾਲਾਂਕਿ ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਹ ਸਮਝੌਤਾ ਸਫ਼ਲ ਨਾ ਹੋਇਆ ਤਾਂ ਅਮਰੀਕਾ ਕੋਲ ਆਖ਼ਰੀ ਬਦਲ ਵੀ ਮੌਜੂਦ ਹੈ, ਜਿਸ ਦੀ ਉਹ ਮੁੜ ਵਰਤੋਂ ਨਹੀਂ ਕਰਨਾ ਚਾਹੁੰਦਾ | ਟਰੰਪ ਨੇ ਇਸ ਪ੍ਰਸਤਾਵਿਤ ਸਮਝੌਤੇ ਦੀ ਤੁਲਨਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ 'ਚ ਹੋਏ 2015 ਦੇ ਪਰਮਾਣੂ ਸਮਝੌਤੇ ਨਾਲ ਵੀ ਕੀਤੀ | ਉਨ੍ਹਾਂ ਕਿਹਾ ਕਿ ਈਰਾਨ ਨਾਲ ਬਰਾਕ ਓਬਾਮਾ ਦਾ ਸਮਝੌਤਾ ਪਰਮਾਣੂ ਹਥਿਆਰ ਹਾਸਿਲ ਕਰਨ ਦਾ ਇਕ ਆਸਾਨ ਰਸਤਾ ਸੀ, ਜੇ ਉਹ ਸਮਝੌਤਾ ਰਹਿੰਦਾ ਤਾਂ ਈਰਾਨ ਕੋਲ 6 ਸਾਲ ਪਹਿਲਾਂ ਹੀ ਪਰਮਾਣੂ ਹਥਿਆਰ ਆ ਗਏ ਹੁੰਦੇ ਤੇ ਉਹ ਹੁਣ ਤੱਕ ਇਨ੍ਹਾਂ ਦਾ ਇਸਤੇਮਾਲ ਵੀ ਕਰ ਚੁੱਕਾ ਹੁੰਦਾ | ਉਨ੍ਹਾਂ ਕਿਹਾ ਕਿ ਈਰਾਨ ਨਾਲ ਮੇਰਾ ਸਮਝੌਤਾ ਬਿਲਕੁਲ ਇਸਦੇ ਉਲਟ ਹੈ, ਇਹ ਪਰਮਾਣੂ ਹਥਿਆਰ ਨਾ ਹੋਣ ਦੀ ਗਰੰਟੀ ਦੇਣ ਵਾਲੀ ਇਕ ਦੀਵਾਰ ਹੈ |