ਨਵੀਂ ਦਿੱਲੀ, 20 ਜੁਲਾਈ (ਪੀ.ਟੀ.ਆਈ)-ਸੰਸਦ ਦੇ ਮੌਨਸੂਨ ਇਜਲਾਸ ਦੀ ਹੰਗਾਮੇਦਾਰ ਸ਼ੁਰੂਆਤ ਹੋਈ। ਨੀਟ ਪੇਪਰ ਲੀਕ ਅਤੇ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਿਆਂ ’ਚ ਵਿਰੋਧੀ ਧਿਰਾਂ ਵਲੋਂ ਪਹਿਲੇ ਦਿਨ ਕੀਤੇ ਹੰਗਾਮੇ ਕਾਰਨ ਕਾਰਵਾਈ ਚੱਲ ਨਹੀਂ ਸਕੀ। ਲੋਕ ਸਭਾ ਅਤੇ ਰਾਜ ਸਭਾ ਨੂੰ ਛੇ ਵਾਰ ਮੁਲਤਵੀ ਕਰਨਾ ਪਿਆ, ਪਰ ਵਿਰੋਧੀ ਧਿਰਾਂ ਦੇ ਪ੍ਰਦਰਸ਼ਨ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਨੂੰ ਮੰਗਲਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ। ਵਿਰੋਧੀ ਸੰਸਦ ਮੈਂਬਰ ਨੀਟ ਪੇਪਰ ਲੀਕ ਅਤੇ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਿਆਂ ’ਤੇ ਚਰਚਾ ਦੀ ਮੰਗ ਕਰ ਰਹੇ ਸਨ। ਕੁੱਝ ਸੰਸਦ ਮੈਂਬਰ ਪੋਸਟਰ ਅਤੇ ਬੈਨਰ ਲੈ ਕੇ ਸਦਨ ਦੇ ਅੰਦਰ ਆਏ। ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ। ਸਦਨ ਕਰੀਬ 7-8 ਮਿੰਟ ਹੀ ਚੱਲਿਆ। ਵਿਰੋਧੀਆਂ ਦੇ ਹੰਗਾਮੇ ਕਾਰਨ ਸਪੀਕਰ ਨੇ ਪਹਿਲਾਂ ਕਾਰਵਾਈ ਦਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਇਸ ਦੇ ਬਾਅਦ ਹੰਗਾਮੇ ਕਾਰਨ ਸਦਨ ਨੂੰ 5 ਵਾਰ ਮੁਲਤਵੀ ਕਰਨ ਦੇ ਬਾਅਦ ਸਦਨ ਦੀ ਮੰਗਲਵਾਰ ਤੱਕ ਉਠਾ ਦਿੱਤਾ ਗਿਆ। ਇਸੇ ਤਰ੍ਹਾਂ ਉੱਪਰਲੇ ਸਦਨ ’ਚ ਹੰਗਾਮੇ ਕਾਰਨ ਕਾਰਵਾਈ ਕਈ ਵਾਰ ਮੁਲਤਵੀ ਕਰਨ ਦੇ ਬਾਅਦ ਰਾਜ ਸਭਾ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ। ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਨੇ ਸਦਨ ’ਚ ਜੰਤਰ ਮੰਤਰ ’ਤੇ ਹੋਏ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜੰਤਰ-ਮੰਤਰ ’ਤੇ ਬੱਚਿਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਅਤੇ ਸਰਕਾਰ ਨੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ। ਲੋਕ ਸਭਾ ’ਚ ਪ੍ਰਸ਼ਨ ਕਾਲ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਪੀਕਰ ਓਮ ਬਿਰਲਾ ਨੂੰ ਕਾਰਵਾਈ ਦੁਪਹਿਰ 12 ਵਜੇ ਤੱਕ ਮੁਅੱਤਲ ਕਰਨੀ ਪਈ। ਜਦੋਂ 12 ਵਜੇ ਦੁਬਾਰਾ ਕਾਰਵਾਈ ਸ਼ੁਰੂ ਹੋਈ ਤਾਂ ਵੀ ਵਿਰੋਧ ਜਾਰੀ ਰਿਹਾ, ਜਿਸ ਕਰਕੇ ਕਾਰਵਾਈ 12:30 ਵਜੇ ਤੱਕ ਦੂਜੀ ਵਾਰ ਮੁਲਤਵੀ ਕਰਨੀ ਪਈ। ਇਸ ਤੋਂ ਬਾਅਦ ਵੀ ਰੇੜਕਾ ਬਰਕਰਾਰ ਰਿਹਾ ਅਤੇ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਕਾਰਨ ਕਾਰਵਾਈ ਤੀਜੀ ਵਾਰ ਦੁਪਹਿਰ 1 ਵਜੇ ਤੱਕ ਮੁਲਤਵੀ ਕੀਤੀ ਗਈ। ਹੰਗਾਮਾ ਨਾ ਥੰਮ੍ਹਣ ਕਰਕੇ ਸਦਨ ਨੂੰ ਚੌਥੀ ਵਾਰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰਨਾ ਪਿਆ, ਜਿਸ ਨਾਲ ਇਜਲਾਸ ਦੇ ਪਹਿਲੇ ਹੀ ਦਿਨ ਕਾਰਵਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ।
ਸਪੀਕਰ ਵਲੋਂ ਸਦਨ ਚਲਾਉਣ ਦੀ ਅਪੀਲ
ਦੂਜੀ ਬੈਠਕ ਦੌਰਾਨ ਸਪੀਕਰ ਓਮ ਬਿਰਲਾ ਦੀ ਗ਼ੈਰ-ਮੌਜੂਦਗੀ ਵਿਚ ਸਦਨ ਦੀ ਪ੍ਰਧਾਨਗੀ ਕਰ ਰਹੇ ਭਾਜਪਾ ਦੇ ਦਿਲੀਪ ਸੈਕੀਆ ਨੇ ਮੈਂਬਰਾਂ ਨੂੰ ਸੰਸਦ ਚੱਲਣ ਦੇਣ ਅਤੇ ਦੇਸ਼ ਦੇ ਅਹਿਮ ਮੁੱਦਿਆਂ ’ਤੇ ਚਰਚਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਾਰਵਾਈ 12:30 ਤੱਕ ਮੁਲਤਵੀ ਕਰਨ ਤੋਂ ਪਹਿਲਾਂ ਕਿਹਾ ਕਿ ਅੱਜ ਮੌਨਸੂਨ ਇਜਲਾਸ ਦਾ ਪਹਿਲਾ ਦਿਨ ਹੈ। ਮੈਂ ਤੁਹਾਨੂੰ ਆਪਣੀਆਂ ਸੀਟਾਂ ’ਤੇ ਬੈਠਣ ਦੀ ਬੇਨਤੀ ਕਰਦਾ ਹਾਂ। ਇਹ ਸਹੀ ਵਿਵਹਾਰ ਨਹੀਂ ਹੈ। ਇਸ ਤੋਂ ਪਹਿਲਾਂ ਸਪੀਕਰ ਓਮ ਬਿਰਲਾ ਨੇ ਵੀ ਵਿਰੋਧੀ ਮੈਂਬਰਾਂ ਨੂੰ ਸਵਾਲ-ਜਵਾਬ ਦੌਰਾਨ ਨਾਅਰੇਬਾਜ਼ੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਸੰਸਦ ਲੋਕਤੰਤਰ ਦੀ ਸਰਬਉੱਚ ਸੰਸਥਾ ਹੈ। ਮੈਂ ਤੁਹਾਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਬੇਨਤੀ ਕਰਦਾ ਹਾਂ।
ਸਾਬਕਾ ਸੰਸਦ ਮੈਂਬਰਾਂ ਨੂੰ ਦਿੱਤੀ ਸ਼ਰਧਾਂਜਲੀ
ਇਸ ਤੋਂ ਪਹਿਲਾਂ ਲੋਕ ਸਭਾ ਦੀ ਸ਼ੁਰੂਆਤ ਸਾਬਕਾ ਸੰਸਦ ਮੈਂਬਰਾਂ ਨਾਦੇਂਦਲਾ ਭਾਸਕਰ ਰਾਓ, ਓਮਵਤੀ ਦੇਵੀ, ਸੁਧਾਂਗਸ਼ੂ ਸੀਲ, ਮੇਜਰ ਜਨਰਲ ਬੀ.ਸੀ. ਖੰਡੂਰੀ (ਸੇਵਾਮੁਕਤ), ਕੇ.ਪੀ. ਧਨਪਾਲਨ ਅਤੇ ਪਿਆਰੇ ਲਾਲ ਸੰਖਵਾਰ ਨੂੰ ਸ਼ਰਧਾਂਜਲੀ ਨਾਲ ਹੋਈ। ਸਪੀਕਰ ਨੇ ਕਤਰ ਦੇ ‘ਫਾਦਰ ਅਮੀਰ’ ਸ਼ੇਖ਼ ਹਮਦ ਬਿਨ ਖ਼ਲੀਫ਼ਾ ਅਲ-ਥਾਨੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।
‘ਇੰਡੀਆ’ ਗੱਠਜੋੜ ਦੀ ਮੀਟਿੰਗ
ਮੌਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ‘ਇੰਡੀਆ’ ਗੱਠਜੋੜ ਦੇ ਆਗੂਆਂ ਨੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਦੇ ਚੈਂਬਰ ’ਚ ਵਿਰੋਧੀ ਧਿਰਾਂ ਦੀ ਰਣਨੀਤੀ ਸੰਬੰਧੀ ਮੀਟਿੰਗ ਕੀਤੀ। ਜਿਸ ਦੌਰਾਨ ‘ਇੰਡੀਆ’ ਗੱਠਜੋੜ ਨੇ ਇਜਲਾਸ ਦੌਰਾਨ ਰਾਮ ਮੰਦਰ ਚੜ੍ਹਾਵੇ ’ਚ ਚੋਰੀ ਅਤੇ ਸਿੱਖਿਆ ਵਿਵਸਥਾ ਦੇ ਯੋਜਨਾਬੱਧ ਤਰੀਕੇ ਨਾਲ ਢਹਿ ਢੇਰੀ ਹੋਣ ਵਰਗੇ ਮੁੱਦਿਆਂ ’ਤੇ ਸਰਕਾਰ ਦੀ ਜਵਾਬਦੇਹੀ ਮੰਗਣ ਦਾ ਪ੍ਰਣ ਲਿਆ ਗਿਆ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਲੜਾਈ ਪੂਰੀ ਤਾਕਤ ਨਾਲ ਲੜੀ ਜਾਵੇਗੀ। ਮੀਟਿੰਗ ਵਿਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਦੇ ਉਪ ਨੇਤਾ ਗੌਰਵ ਗੋਗੋਈ, ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼, ਸਮਾਜਵਾਦੀ ਪਾਰਟੀ ਦੇ ਧਰਮਿੰਦਰ ਯਾਦਵ, ਐਨ.ਸੀ.ਪੀ. (ਐਸ.ਪੀ) ਦੀ ਸੁਪ੍ਰਿਆ ਸੁਲੇ, ਟੀ.ਐਮ.ਸੀ ਦੇ ਸੌਗਤ ਰਾਏ ਅਤੇ ਸਾਗਰਿਕਾ ਘੋਸ਼, ਸ਼ਿਵ ਸੈਨਾ (ਯੂ.ਬੀ.ਟੀ) ਦੇ ਸੰਜੈ ਰਾਊਤ, ਜੇ.ਐਮ.ਐਮ ਦੀ ਮਹੁਆ ਮਾਜੀ, ਮਾਰਕਸੀ ਪਾਰਟੀ ਦੇ ਜੌਨ ਬ੍ਰਿਟਾਸ ਅਤੇ ਪੀ.ਸੰਤੋਸ਼ ਕੁਮਾਰ ਸਮੇਤ ਹੋਰ ਆਗੂ ਹਾਜ਼ਰ ਸਨ।
ਸੰਸਦ ਦੇ ਮੌਨਸੂਨ ਇਜਲਾਸ ਦੀ ਹੰਗਾਮੇਦਾਰ ਸ਼ੁਰੂਆਤ
ਅਜੀਤ ਡੈਸਕ
21-07-2026