ਸਰਕਾਰ ਗੰਭੀਰ ਹੈ ਤਾਂ ਗੱਲਬਾਤ ਕਰਨ ਲਈ ਜੰਤਰ ਮੰਤਰ ’ਤੇ ਆਵੇ- ਸੀ.ਜੇ.ਪੀ.
ਨਵੀਂ ਦਿੱਲੀ, 22 ਜੁਲਾਈ (ਜਗਤਾਰ ਸਿੰਘ)-ਦਿੱਲੀ ਦੇ ਜੰਤਰ-ਮੰਤਰ ’ਤੇ ਬੁੱਧਵਾਰ ਰਾਤ ਨੂੰ ਵਿਦਿਆਰਥੀਆਂ ਤੇ ਪੁਲਿਸ ਵਿਚਾਲੇ ਮੁੜ ਝੜਪ ਹੋਈ। ਪੁਲਿਸ ਨੇ ਦੋਸ਼ ਲਾਇਆ ਕਿ ਪ੍ਰਦਰਸ਼ਨ ਦੌਰਾਨ ਸੀ.ਜੀ.ਪੀ. ਪ੍ਰਦਰਸ਼ਨਕਾਰੀਆਂ ਨੇ ਪੁਲਿਸ ’ਤੇ ਪਥਰਾਅ ਕੀਤਾ, ਜਿਸ ਦੇ ਜਵਾਬ ’ਚ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਦਾਗਣੇ ਪਏ। ਇਸ ਘਟਨਾ ਨਾਲ ਜੁੜੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਪੁਲਿਸ ਪ੍ਰਦਰਸ਼ਨਕਾਰੀਆਂ ’ਤੇ ਲਾਠੀਆਂ ਵਰ੍ਹਾਉਂਦੀ ਨਜ਼ਰ ਆ ਰਹੀ ਹੈ। ਕਈ ਵੀਡੀਓਜ਼ ’ਚ ਪ੍ਰਦਰਸ਼ਨਕਾਰੀਆਂ ਦੇ ਹੱਥਾਂ ’ਚ ਡੰਡੇ ਵਿਖਾਈ ਦੇ ਰਹੇ ਹਨ।
2 ਏ.ਸੀ.ਪੀ. ਸਣੇ 6 ਪੁਲੀਸ ਕਰਮੀ ਜ਼ਖ਼ਮੀ
ਪੁਲਿਸ ਅਨੁਸਾਰ ਬੁੱਧਵਾਰ ਦੇਰ ਸ਼ਾਮ ਵੇਲੇ ਜੰਤਰ-ਮੰਤਰ ਨੇੜੇ ਪ੍ਰਦਰਸ਼ਨਕਾਰੀਆਂ ਵਲੋਂ ਕੀਤੀ ਗਈ ਪੱਥਰਬਾਜ਼ੀ ਦੀ ਘਟਨਾ ’ਚ ਘੱਟੋ-ਘੱਟ ਦੋ ਸਹਾਇਕ ਪੁਲਿਸ ਕਮਿਸ਼ਨਰ (ਏ.ਸੀ.ਪੀ.) ਤੇ ਚਾਰ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਪ੍ਰਦਰਸ਼ਨ ਵਾਲੀ ਥਾਂ ’ਤੇ ਕਈ ਸਮਾਜ ਵਿਰੋਧੀ ਅਨਸਰ ਦਾਖ਼ਲ ਹੋ ਗਏ, ਜਿਨ੍ਹਾਂ ਪੁਲਿਸ ਕਰਮਚਾਰੀਆਂ ’ਤੇ ਪੱਥਰਬਾਜ਼ੀ ਕੀਤੀ। ਜ਼ਖ਼ਮੀ ਹੋਏ ਪੁਲੀਸ ਕਰਮਚਾਰੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਨੀਟ ਪੇਪਰ ਲੀਕ, ਸਿੱਖਿਆ ਵਿਵਸਥਾ ’ਚ ਸੁਧਾਰ ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਵਿਖੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦਾ ਧਰਨਾ ਪ੍ਰਦਰਸ਼ਨ ਲਗਾਤਾਰ ਵਧਦਾ ਜਾ ਰਿਹਾ ਹੈ। ਸੋਮਵਾਰ ਦੇ ‘ਸੰਸਦ ਮਾਰਚ’ ਤੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਕਾਂਗਰਸ ਦੇ ਧਰਨੇ ਤੋਂ ਬਾਅਦ ਬੁੱਧਵਾਰ ਨੂੰ ਵੀ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੇ ਜੰਤਰ-ਮੰਤਰ ਪੁੱਜ ਕੇ ਪ੍ਰਦਰਸ਼ਨ ਦੀ ਹਮਾਇਤ ਕੀਤੀ। ਬੁੱਧਵਾਰ ਨੂੰ ਕਈ ਸਿੱਖ ਸੰਸਥਾਵਾਂ ਵੀ ਪ੍ਰਦਰਸ਼ਨਕਾਰੀਆਂ ਵਾਸਤੇ ਖਾਣ-ਪੀਣ ਦਾ ਸਾਮਾਨ ਲੈ ਕੇ ਪੁੱਜੀਆਂ। ਹਾਲਾਂਕਿ ਪ੍ਰਦਰਸ਼ਨ ਦੇ ਮੱਦੇਨਜ਼ਰ ਜੰਤਰ-ਮੰਤਰ ਤੇ ਨੇੜਲੇ ਇਲਾਕਿਆਂ ’ਚ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਹੋਣ ਕਾਰਨ ਸਾਰਾ ਇਲਾਕਾ ਛਾਉਣੀ ’ਚ ਤਬਦੀਲ ਨਜ਼ਰ ਆਇਆ ਤੇ ਬੁੱਧਵਾਰ ਨੂੰ ਸੁਰੱਖਿਆ ਦੇ ਮੱਦੇਨਜ਼ਰ 16 ਮੈਟਰੋ ਸਟੇਸ਼ਨ ਵੀ ਬੰਦ ਕਰ ਦਿੱਤੇ ਗਏ। ਕਾਕਰੋਚ ਜਨਤਾ ਪਾਰਟੀ ਨੇ ਬੁੱਧਵਾਰ ਨੂੰ ਸਰਕਾਰ ਵਲੋਂ ਗੱਲਬਾਤ ਦੀ ਪੇਸ਼ਕਸ਼ ਬਾਰੇ ਕਿਹਾ ਕਿ ਜੇਕਰ ਸਰਕਾਰ ਗੱਲਬਾਤ ਕਰਨ ਲਈ ਸੱਚਮੁੱਚ ਗੰਭੀਰ ਹੈ ਤਾਂ ਉਹ ਜੰਤਰ-ਮੰਤਰ ਜਾਂ ਕਿਸੇ ਨੇੜਲੀ ਥਾਂ ’ਤੇ ਬੈਠਕ ਕਰੇ। ਇਸੇ ਦੌਰਾਨ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸੋਨਮ ਵਾਂਗਚੁਕ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
ਸਰਕਾਰ ਗੰਭੀਰ ਹੈ ਤਾਂ ਗੱਲਬਾਤ ਕਰਨ ਲਈ ਜੰਤਰ-ਮੰਤਰ ’ਤੇ ਆਵੇ-ਸੀ.ਜੇ.ਪੀ.
ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਬੁਲਾਰੇ ਸੌਰਵ ਦਾਸ ਨੇ ਸਰਕਾਰ ਵਲੋਂ ਗੱਲਬਾਤ ਦੀ ਪੇਸ਼ਕਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਗੱਲਬਾਤ ਕਰਨ ਲਈ ਸੱਚਮੁੱਚ ਹੀ ਗੰਭੀਰ ਹੈ ,ਤਾਂ ਉਹ ਜੰਤਰ-ਮੰਤਰ ਜਾਂ ਕਿਸੇ ਨੇੜਲੀ ਥਾਂ ’ਤੇ ਬੈਠਕ ਕਰੇ, ਪਰ ਗੱਲਬਾਤ ਕਰਨ ਲਈ ਅਸੀਂ ਸਰਕਾਰ ਦੇ ਕੋਲ ਨਹੀਂ ਜਾਵਾਂਗੇ। ਕਿਸੇ ਨੇਤਾ ਦੇ ਘਰ ਜਾਂ ਦਫ਼ਤਰ ’ਚ ਮੀਟਿੰਗ ਨਹੀਂ ਕਰਾਂਗੇ।
ਦੀਪਕੇ ਨੇ ਵਾਂਗਚੁੱਕ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਕੀਤੀ ਅਪੀਲ
ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸੋਨਮ ਵਾਂਗਚੁਕ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਕਿ ਦੇਸ਼ ਨੂੰ ਉਨ੍ਹਾਂ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਪਾਰਟੀ ਦਾ ਸ਼ਾਂਤੀਪੂਰਨ ਪ੍ਰਦਰਸ਼ਨ ਅੱਗੇ ਵੀ ਜਾਰੀ ਰਹੇਗਾ।ਦੀਪਕੇ ਨੇ ਦੋਸ਼ ਲਾਇਆ ਕਿ ਪੁਲਿਸ ਵਲੋਂ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨਾਲ ਬਹੁਤ ਵਧੀਕੀ ਕੀਤੀ ਗਈ, ਜਦਕਿ ਅਸੀਂ ਸਾਰੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸੀ। ਉਨ੍ਹਾਂ ਸਾਫ਼ ਕਿਹਾ ਕਿ ਸਿੱਖਿਆ ਮੰਤਰੀ ਦੇ ਅਸਤੀਫ਼ੇ ਤੋਂ ਬਗੈਰ ਇਹ ਧਰਨਾ ਖ਼ਤਮ ਨਹੀਂ ਕੀਤਾ ਜਾਵੇਗਾ ।
ਪੁਲਿਸ ਮੁਲਾਜ਼ਮਾਂ ਦਾ ਵਰਦੀ ’ਚ ਹੋਣਾ ਲਾਜ਼ਮੀ-ਦਿੱਲੀ ਪੁਲਿਸ
ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਦ ਮਾਰਚ ਦੌਰਾਨ ਸਾਦੇ ਕੱਪੜਿਆਂ ਵਾਲੇ ਪੁਲਿਸ ਅਫ਼ਸਰਾਂ ਵਲੋਂ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕਰਨ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਸਖ਼ਤ ਰੁਖ਼ ਅਪਣਾਇਆ ਹੈ। ਦਿੱਲੀ ਪੁਲਿਸ ਹੈੱਡਕੁਆਰਟਰ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਜੰਤਰ-ਮੰਤਰ ’ਤੇ ਤਾਇਨਾਤ ਸਾਰੇ ਪੁਲਿਸ ਮੁਲਾਜ਼ਮ ਸਿਰਫ਼ ਵਰਦੀ ’ਚ ਡਿਊਟੀ ਲਈ ਰਿਪੋਰਟ ਕਰਨਗੇ, ਸਾਦੇ ਕੱਪੜਿਆਂ (ਸਿਵਲ ਡਰੈੱਸ) ’ਚ ਨਹੀਂ ਆਉਣਗੇ। ਮੰਗਲਵਾਰ ਦੇਰ ਰਾਤ ਦਿੱਲੀ ਪੁਲਿਸ ਹੈੱਡਕੁਆਰਟਰ ਨੇ ਸਾਰੀਆਂ ਇਕਾਈਆਂ ਨੂੰ ਇਕ ਸੁਨੇਹਾ ਭੇਜਿਆ, ਜਿਸ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਜੰਤਰ-ਮੰਤਰ ’ਤੇ ਡਿਊਟੀ ਲਈ ਤਾਇਨਾਤ ਕੋਈ ਵੀ ਪੁਲਿਸ ਮੁਲਾਜ਼ਮ ਸਾਦੇ ਕੱਪੜਿਆਂ ’ਚ ਨਹੀਂ ਹੋਣਾ ਚਾਹੀਦਾ।
ਹੁਣ ਤੱਕ ਕੁੱਲ 10 ਐਫ.ਆਈ.ਆਰ. ਦਰਜ
ਸੋਮਵਾਰ ਨੂੰ ਹੋਏ ਪ੍ਰਦਰਸ਼ਨ ਦੌਰਾਨ ਸੰਸਦ ਮਾਰਗ, ਜੰਤਰ-ਮੰਤਰ, ਜਨਪਥ, ਟਾਲਸਟਾਏ ਮਾਰਗ ਤੇ ਰਾਏਸੀਨਾ ਮਾਰਗ ’ਤੇ ਹੋਈ ਹਿੰਸਾ ਦੇ ਸਬੰਧ ’ਚ ਕੁੱਲ 10 ਐਫ.ਆਈ.ਆਰ. ਦਰਜ ਕੀਤੀਆਂ ਹਨ। ਸੰਸਦ ਮਾਰਗ ਪੁਲਿਸ ਸਟੇਸ਼ਨ ’ਚ ਚਾਰ, ਕਨਾਟ ਪਲੇਸ ’ਚ ਤਿੰਨ, ਬਾਰਾਖੰਭਾ ’ਚ ਇਕ, ਕਰਤੱਵਿਆ ਪਥ ’ਚ ਇਕ ਤੇ ਮੰਦਰ ਮਾਰਗ ਥਾਣੇ ’ਚ ਇਕ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਨ੍ਹਾਂ ’ਚੋਂ ਇਕ ਸੰਵੇਦਨਸ਼ੀਲ ਖੇਤਰ ’ਚ ਡਰੋਨ ਉਡਾਉਣ ਲਈ ਸੰਸਦ ਮਾਰਗ ਪੁਲਿਸ ਸਟੇਸ਼ਨ ’ਚ ਤੇ ਦੋ ਅਪਰਾਧਕ ਸਾਜਿਸ਼ ਲਈ ਦਰਜ ਕੀਤੀ ਗਈ ਹੈ।
ਜੰਤਰ-ਮੰਤਰ ’ਤੇ ਪੁਲਿਸ ਤੇ ਵਿਦਿਆਰਥੀਆਂ ’ਚ ਮੁੜ ਝੜਪ-2 ਏ.ਸੀ.ਪੀ. ਸਮੇਤ 6 ਜ਼ਖ਼ਮੀ
ਅਜੀਤ ਡੈਸਕ
23-07-2026