ਡਾ: ਤਰਲੋਚਨ ਸਿੰਘ
ਲੁਧਿਆਣਾ, 19 ਸਤੰਬਰ-2027 ਦੀਆਂ ਵਿਧਾਨ ਸਭਾ ਚੋਣਾਂ ਦਾ ਆਗਾਜ਼ ਕਰਦਿਆਂ ਅੱਜ ਲੁਧਿਆਣਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਚੋਣ ਪੈਂਫਲਿਟ’ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਵਾਅਦਿਆਂ ਤੋਂ ਵੱਧ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆ ਯੋਜਨਾ ਤਹਿਤ ‘ਸੜਕ ਸੁਰੱਖਿਆ ਫੋਰਸ’ ਨੇ ਸਾਲਾਨਾ 2700 ਜਾਨਾਂ ਬਚਾਈਆਂ ਹਨ, ਜਿਸ ਦੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਵੀ ਸ਼ਲਾਘਾ ਕੀਤੀ ਗਈ ਹੈ। ਨਸ਼ਿਆਂ ਦੇ ਮੁੱਦੇ ’ਤੇ ਮਾਨ ਨੇ ਕਿਹਾ ਕਿ ਪੰਜਾਬ ’ਚ ਇਹ ਸਮੱਸਿਆ ਭਾਜਪਾ-ਅਕਾਲੀ ਦਲ ਦੀ ਸਰਕਾਰ ਦੌਰਾਨ ਵਧੀ ਸੀ, ਜਦਕਿ ਹੁਣ ਉਹੀ ਲੋਕ ਨਸ਼ਾ ਵਿਰੋਧੀ ਯਾਤਰਾ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੂਬੇ ਵਿਚੋਂ ਨਸ਼ਾ ਖ਼ਤਮ ਕਰਨ ਦੇ ਨਾਂਅ ’ਤੇ ਵੋਟਾਂ ਮੰਗੀਆਂ ਸਨ, ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਨੇ ਕਦੇ ਵੀ ਚੋਣਾਂ ਲਈ ਆਪਣਾ ਰੋਡਮੈਪ ਖੁੱਲ੍ਹ ਕੇ ਨਹੀਂ ਦੱਸਿਆ। ਮੁੱਖ ਮੰਤਰੀ ਮੁਤਾਬਕ ਵਿਰੋਧੀ ਉਨ੍ਹਾਂ ਵਿਰੁੱਧ ਕਈ ਤਰ੍ਹਾਂ ਦੀਆਂ ਏ.ਆਈ. ਵੀਡੀਓ ਬਣਾਉਣ ਤੇ ਕੂੜ ਪ੍ਰਚਾਰ ਦਾ ਸਹਾਰਾ ਲੈਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕਹਿਣ ਲਈ ਕੁਝ ਨਾ ਹੋਣ ਕਾਰਨ ਵਿਰੋਧੀਆਂ ਵੱਲੋਂ ਏ.ਆਈ. ਦੀ ਵਰਤੋਂ ਕੀਤੀ ਜਾਵੇਗੀ। ਕਾਂਗਰਸ ’ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਇਹ ਡੁੱਬਦਾ ਜਹਾਜ਼ ਹੈ, ਜਿਸ ਨੂੰ ਹੁਣ ਨਵਾਂ ਪਾਇਲਟ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ‘ਪੈਂਫਲਿਟ’ ’ਚ ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਵੋਟ ਦੇਣ ਬਾਰੇ ਸੋਚਣ ਵਾਲਿਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਇਹ ਪਾਰਟੀਆਂ ਮੁਫ਼ਤ ਬਿਜਲੀ ਤੇ 10 ਲੱਖ ਵਾਲਾ ਕਾਰਡ ਬੰਦ ਕਰਨਗੀਆਂ, ਪ੍ਰਾਈਵੇਟ ਸਕੂਲਾਂ ਨੂੰ ਆਜ਼ਾਦੀ ਦੇਣਗੀਆਂ, ਟੋਲ ਪਲਾਜ਼ੇ ਮੁੜ ਸ਼ੁਰੂ ਕਰਨਗੀਆਂ ਅਤੇ ਕਿਸਾਨੀ ਕਾਨੂੰਨ ਲਿਆਉਣ ਦੀ ਤਿਆਰੀ ਕਰਨਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਹੁਣ ਪੜ੍ਹਾਈ ਵਿਚ ਨੰਬਰ 1 ’ਤੇ ਆ ਗਿਆ ਹੈ। ਖੇਡਾਂ ਵਿਚ ਵੀ ਪਹਿਲੀ ਵਾਰ ਸੂਬੇ ਨੂੰ ਇੰਟਰਨੈਸ਼ਨਲ ਟੂਰਨਾਮੈਂਟ ਖੇਡਣ ਦਾ ਮੌਕਾ ਮਿਲ ਰਿਹਾ ਹੈ, ਜੋ 27 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਹੁਣ ਤੱਕ 71 ਹਜ਼ਾਰ ਨੌਕਰੀਆਂ ਦਿੱਤੀਆਂ ਹਨ ਅਤੇ ਭਰਤੀ ਵਿਚ ਨਾ ਨੌਜਵਾਨਾਂ ਦਾ ਇਕ ਰੁਪਈਆ ਲੱਗਣ ਦਿੱਤਾ ਹੈ ਤੇ ਨਾ ਹੀ ਕਿਸੇ ਦੀ ਸਿਫ਼ਾਰਸ਼ ਚੱਲੀ ਹੈ। ਉਨ੍ਹਾਂ ਕਿਹਾ ਕਿ ਨਿਯੁਕਤ ਕੀਤੇ ਗਏ ਨੌਜਵਾਨਾਂ ਨੂੰ ਸ਼ੁਰੂਆਤ ਵਿਚ ਬੇਸਿਕ ਤਨਖ਼ਾਹ ’ਤੇ ਰੱਖਿਆ ਗਿਆ ਹੈ, ਅੱਗੇ ਤਨਖ਼ਾਹ ਨੂੰ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨੌਕਰੀ ਹਾਸਿਲ ਕਰਨ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਹੁਣ ਕਿਸੇ ਨੂੰ ਪੈਸਿਆਂ ਨਾਲ ਭਰਿਆ ਅਟੈਚੀ ਲੈ ਕੇ ਨਹੀਂ ਜਾਣਾ ਪੈਂਦਾ। ਉਨ੍ਹਾਂ ਨੇ ਅਕਾਲੀ ਸਰਕਾਰ ’ਤੇ ਪੈਸਿਆਂ ਦੇ ਲੈਣ-ਦੇਣ ਦੇ ਵੀ ਦੋਸ਼ ਲਗਾਏ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦੀ ਗੱਲ ਕੀਤੀ ਸੀ, ਲੇਕਿਨ ਇਹ ਨਹੀਂ ਕਿਹਾ ਸੀ ਕਿ ਬਿਜਲੀ ਦਿਨ ਵਿਚ ਹੀ ਮਿਲੇਗੀ। ਹੁਣ ਕਿਸਾਨਾਂ ਨੂੰ ਖੇਤਾਂ ਲਈ ਦਿਨ ਵਿਚ ਵੀ ਬਿਜਲੀ ਮਿਲ ਰਹੀ ਹੈ, ਜੇਕਰ ਕਿਸੇ ਦਿਨ ਤੈਅ ਸਮੇਂ ਤੋਂ ਦੋ ਘੰਟੇ ਘੱਟ ਬਿਜਲੀ ਮਿਲਦੀ ਹੈ ਤਾਂ ਕਿਸਾਨਾਂ ਦੇ ਮੋਬਾਈਲ ’ਤੇ ਮੈਸੇਜ ਭੇਜ ਕੇ ਅਗਲੇ ਦਿਨ ਇਸ ਦੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਤੱਕ 19 ਟੋਲ ਪਲਾਜੇ ਬੰਦ ਕਰਵਾਏ ਗਏ ਹਨ, ਇਸ ਨਾਲ ਰੋਜ਼ਾਨਾ ਪੰਜਾਬੀਆਂ ਦੇ ਕਰੀਬ 64 ਲੱਖ ਰੁਪਏ ਬਚ ਰਹੇ ਹਨ। ਉਨ੍ਹਾਂ ਕਿਹਾ ਕਿ 2022 ਦੇ ‘ਚੋਣ ਮੈਨੀਫੈਸਟੋ’ ਵਿਚ ਟੋਲ ਪਲਾਜ਼ਾ ਬੰਦ ਕਰਨ ਦੀ ਗਰੰਟੀ ਨਹੀਂ ਸੀ, ਫਿਰ ਵੀ ਸਰਕਾਰ ਨੇ ਇਨ੍ਹਾਂ ਨੂੰ ਬੰਦ ਕਰਵਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੜਕਾਂ ’ਤੇ ਵੀ ਕੰਮ ਕੀਤਾ ਅਤੇ ਕਿਸੇ ਸੜਕ ਨੂੰ ਟੁੱਟਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ 1 ਅਕਤੂਬਰ ਨੂੰ ਮੁੜ ਮਹਿਲਾਵਾਂ ਦੇ ਖਾਤਿਆਂ ਵਿਚ ਸਤਿਕਾਰ ਰਾਸ਼ੀ ਪਾਈ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਅਨੁਸ਼ਾਸਨ ਹੈ, ਅੱਜ ਦਾ ਸਮਾਗਮ ਸਿਆਸੀ ਰੈਲੀ ਨਹੀਂ, ਬਲਕਿ ਵਰਕਰਾਂ ਦੀ ਮੀਟਿੰਗ ਸੀ। ਉਨ੍ਹਾਂ ਕਿਹਾ ਕਿ ਜਦੋਂ ਮੀਟਿੰਗ ਇੰਨੀ ਵੱਡੀ ਹੈ ਤਾਂ ਰੈਲੀ ਕਿੰਨੀ ਵੱਡੀ ਹੋਵੇਗੀ। ਉਨ੍ਹਾਂ ਕਿਹਾ ਕਿ 2022 ਵਿਚ ਜੋ ਗਰੰਟੀਆਂ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਸਾਢੇ ਚਾਰ ਸਾਲ ਵਿਚ ਪੂਰਾ ਕੀਤਾ ਗਿਆ ਹੈ। ਹੁਣ ਲੋਕਾਂ ਵਿਚ ਜਾ ਕੇ ਨਵੇਂ ਵਾਅਦੇ ਕਰਨ ਦੀ ਬਜਾਏ ਸਰਕਾਰ ਦੇ ਕੀਤੇ ਕੰਮਾਂ ਦਾ ਹਿਸਾਬ ਦੱਸਿਆ ਜਾਵੇਗਾ ਅਤੇ ਪੁੱਛਿਆ ਜਾਵੇਗਾ ਕਿ ਅੱਗੇ ਹੋਰ ਕੀ ਕਰਨਾ ਹੈ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਭਾਰੀ ਮੁਨੀਸ਼ ਸਿਸੋਦੀਆ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਸ ਨੇ ਈ.ਡੀ., ਸੀ.ਬੀ.ਆਈ. ਭੇਜ ਕੇ ਬਹੁਤ ਕੋਸ਼ਿਸ਼ ਕੀਤੀ ਕਿ ਇਨ੍ਹਾਂ ਦਾ ਕੰਮ ਰੁਕ ਜਾਵੇ, ਪਰ ਮੁੱਖ ਮੰਤਰੀ ਭਗਵੰਤ ਮਾਨ ’ਤੇ ਪਰਮਾਤਮਾ ਦਾ ਹੱਥ ਹੈ, ਉਨ੍ਹਾਂ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ। ਇਸ ਮੌਕੇ ਕੈਬਨਿਟ ਮੰਤਰੀ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ 2.68 ਲੱਖ ਬੂਥ ਮੈਂਬਰ ਸਰਕਾਰ ਦੇ ਕੀਤੇ ਕੰਮਾਂ ਨੂੰ ਘਰ-ਘਰ ਪਹੁੰਚਾਉਣਗੇ ਅਤੇ ਲੋਕਾਂ ਦੇ ਮੁੱਦੇ ਸਰਕਾਰ ਤੱਕ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ, ਉਹ ਪਿਛਲੀ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ।
ਭਗਵੰਤ ਮਾਨ ਵਲੋਂ ਲੁਧਿਆਣਾ ਵਿਖੇ ‘ਚੋਣ ਪੈਂਫਲਿਟ’ ਜਾਰੀ ‘ਆਪ’ ਸਰਕਾਰ ਨੇ ਆਪਣੇ ਵਾਅਦਿਆਂ ਤੋਂ ਵੱਧ ਕੀਤਾ ਕੰਮ-ਮੁੱਖ ਮੰਤਰੀ
ਡਾ: ਤਰਲੋਚਨ ਸਿੰਘ ਲੁਧਿਆਣਾ, 19 ਸਤੰਬਰ-2027 ਦੀਆਂ ਵਿਧਾਨ ਸਭਾ ਚੋਣਾਂ ਦਾ ਆਗਾਜ਼ ਕਰਦਿਆਂ ਅੱਜ ਲੁਧਿਆਣਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਚੋਣ ਪੈਂਫਲਿਟ’ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਵਾਅਦਿਆਂ ਤੋਂ ਵੱਧ ਕੰਮ ...
ਅਜੀਤ ਡੈਸਕ
20-09-2026