20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਪੰਜਾਬ ਸਰਕਾਰ ਦੀ ਐਕਸ਼ਨ ਕਮੇਟੀ ਨਾਲ ਮੀਟਿੰਗ ਬੇਸਿੱਟਾ

ਪੰਜਾਬ ਸਰਕਾਰ ਦੀ ਐਕਸ਼ਨ ਕਮੇਟੀ ਨਾਲ ਮੀਟਿੰਗ ਬੇਸਿੱਟਾ

ਅਜੀਤ ਡੈਸਕ 20-10-2026

ਪੋਸਟਮਾਰਟਮ ਲਈ ਨਹੀਂ ਮੰਨਿਆ ਪਰਿਵਾਰ, ਧਰਨਾ ਜਾਰੀ 

ਮਾਨਸਾ, 19 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ/ਗੁਰਚੇਤ ਸਿੰਘ ਫੱਤੇਵਾਲੀਆ)-ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਾਮਲੇ ’ਚ ਪੰਜਾਬ ਸਰਕਾਰ ਵਲੋਂ ਗਠਿਤ ਕੀਤੀ 3 ਮੈਂਬਰੀ ਕਮੇਟੀ ਦੀ ਅੱਜ ਇੱਥੇ ਐਕਸ਼ਨ ਕਮੇਟੀ ਦੇ ਆਗੂਆਂ ਨਾਲ ਹੋਈ ਪਹਿਲੀ ਮੀਟਿੰਗ ਬੇਸਿੱਟਾ ਰਹੀ। ਐਕਸ਼ਨ ਕਮੇਟੀ ਵਲੋਂ ਮੰਗ ਪੱਤਰ ਸੌਂਪਿਆ ਗਿਆ, ਜਿਸ ’ਤੇ ਵਿਚਾਰ ਚਰਚਾ ਤਾਂ ਹੋਈ, ਪਰ ਗੱਲ ਕਿਸੇ ਤਣ ਪੱਤਣ ਨਾ ਲੱਗੀ। ਉਨ੍ਹਾਂ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਦਿਆਂ ਮੁੜ ਦੁਹਰਾਇਆ ਕਿ ਮੁੱਖ ਮੰਤਰੀ ਤੇ ਡੀ. ਜੀ. ਪੀ. ਪੰਜਾਬ ਨੂੰ ਬਰਖ਼ਾਸਤ ਕੀਤਾ ਜਾਵੇ ਤੇ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਵੇ। ਇਸ ਤੋਂ ਇਲਾਵਾ ਖੇਡ ਸਟੇਡੀਅਮ ਮਾਨਸਾ ਦਾ ਨਾਂਅ ਪਰਵਿੰਦਰ ਸਿੰਘ ਝੋਟਾ ਦੇ ਨਾਂਅ ’ਤੇ ਰੱਖਿਆ ਜਾਵੇ, ਖਿਆਲਾ ਕਲਾਂ ਵਿਖੇ ਝੋਟੇ ਦੇ ਨਾਂਅ ’ਤੇ ਟਰੋਮਾ ਸੈਂਟਰ ਬਣਾਇਆ ਜਾਵੇ, ਜ਼ਖ਼ਮੀਆਂ ਨੂੰ 20-20 ਲੱਖ ਰੁਪਏ ਸਹਾਇਤਾ ਦੇਣ ਦੇ ਨਾਲ ਹੀ ਹੋਰ ਮੰਗਾਂ ਮੰਨੀਆਂ ਜਾਣ। ਦੱਸਣਯੋਗ ਹੈ ਕਿ ਗਠਿਤ ਕਮੇਟੀ ਕੋਲ 3 ਮੁੱਖ ਮੰਗਾਂ ਸੰਬੰਧੀ ਕੋਈ ਜਵਾਬ ਨਹੀਂ ਸੀ ਤੇ ਉਹ ਹੋਰ ਮੰਗਾਂ ਮੰਨਣ ਦਾ ਭਰੋਸਾ ਦਿੰਦੇ ਰਹੇ, ਜਿਸ ਕਰ ਕੇ ਮੁੱਦਾ ਪੰਜਾਬ ਸਰਕਾਰ ਨੂੰ ਭੇਜ ਕੇ ਅਗਲੀਆਂ ਮੀਟਿੰਗਾਂ ’ਚ ਉਠਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕਿਹਾ ਕਿ ਸਾਰੀਆਂ ਮੰਗਾਂ ਮੰਨਣ ਤੋਂ ਬਾਅਦ ਹੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਤੇ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਤਿੰਨਕੋਨੀ ਮਾਨਸਾ ਨੇੜੇ ਲਗਾਇਆ ਧਰਨਾ ਨਿਰੰਤਰ ਜਾਰੀ ਰਹੇਗਾ।ਮੀਟਿੰਗ ’ਚ ਸਰਕਾਰ ਤਰਫ਼ੋਂ ਫ਼ਰੀਦਕੋਟ ਰੇਂਜ ਦੇ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ, ਆਈ. ਏ. ਐਸ. ਅਧਿਕਾਰੀ ਅਪਨੀਤ ਰਿਆਤ ਤੋਂ ਇਲਾਵਾ ਹਰਜੀਤ ਸਿੰਘ ਡੀ. ਆਈ. ਜੀ. ਬਠਿੰਡਾ ਰੇਂਜ, ਵੈਭਵ ਚੌਧਰੀ ਐਸ. ਐਸ. ਪੀ. ਮਾਨਸਾ ਸ਼ਾਮਿਲ ਸਨ ਜਦਕਿ ਐਕਸ਼ਨ ਕਮੇਟੀ ਦੇ 27 ਮੈਂਬਰ ਸ਼ਾਮਿਲ ਹੋਏ। ਮੀਟਿੰਗ ’ਚ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਤੇ ਪਿਤਾ ਭੀਮ ਸਿੰਘ ਵੀ ਸ਼ਾਮਿਲ ਹੋਏ। ਐਕਸ਼ਨ ਕਮੇਟੀ ਵਲੋਂ ਆਰ. ਟੀ. ਆਈ. ਕਾਰਕੁੰਨ ਮਾਨਿਕ ਗੋਇਲ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਰਾਜਵਿੰਦਰ ਸਿੰਘ ਰਾਣਾ, ਲੱਖਾ ਸਿਧਾਣਾ, ਇੰਦਰਜੀਤ ਸਿੰਘ ਮੁਨਸ਼ੀ, ਪਰਮਿੰਦਰ ਸਿੰਘ ਬਾਲਿਆਂਵਾਲੀ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਮਨਦੀਪ ਸਿੰਘ ਗੋਰਾ, ਗਗਨਦੀਪ ਸਿਰਸੀਵਾਲਾ, ਅਮਨ ਪਟਵਾਰੀ, ਚਮਕੌਰ ਸਿੰਘ ਮੂਸਾ, ਧੰਨਾ ਮੱਲ ਗੋਇਲ, ਬੋਘ ਸਿੰਘ ਮਾਨਸਾ, ਕੁਲਵਿੰਦਰ ਸਿੰਘ ਉੱਡਤ ਆਦਿ ਸ਼ਾਮਿਲ ਹੋਏ। ਉੱਧਰ ਦੂਸਰੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ 20 ਅਕਤੂਬਰ ਨੂੰ ਬਾਅਦ ਦੁਪਹਿਰ ਮਾਨਸਾ ਵਿਖੇ ਪਹੁੰਚ ਰਹੇ ਹਨ। ਉਨ੍ਹਾਂ ਦੀ ਆਮਦ ਲਈ ਪ੍ਰਸ਼ਾਸਨ ਵਲੋਂ ਤਿਆਰੀਆਂ ਜ਼ੋਰਾਂ ’ਤੇ ਹਨ। ਜਾਣਕਾਰੀ ਅਨੁਸਾਰ ਸ੍ਰੀ ਸ਼ਾਹ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਵਿਖੇ ਮੁਲਾਕਾਤ ਕਰਨਗੇ। ਪਤਾ ਲੱਗਾ ਹੈ ਕਿ ਪਰਿਵਾਰ ਵਲੋਂ ਮੰਗ ਪੱਤਰ ਸੌਂਪ ਕੇ ਇਨਸਾਫ਼ ਦੀ ਮੰਗ ਕੀਤੀ ਜਾਵੇਗੀ। 
ਧਰਨਾ 7ਵੇਂ ਦਿਨ ਵੀ ਜਾਰੀ ਰਿਹਾ
ਝੋਟਾ ਦੀ ਹੱਤਿਆ ਦੇ ਮਾਮਲੇ ’ਚ ਇਨਸਾਫ਼ ਲੈਣ ਲਈ ਸਥਾਨਕ ਤਿੰਨਕੋਨੀ ’ਤੇ ਧਰਨਾ 7ਵੇਂ ਦਿਨ ’ਚ ਦਾਖਲ ਹੋ ਗਿਆ ਹੈ, ਜਿਸ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਿਲ ਹੋਏ। ਅੱਜ ਧਰਨੇ ਨੂੰ ਦਮਦਮੀ ਟਕਸਾਲ ਦੇ ਗਿਆਨੀ ਸੁਖਦੇਵ ਸਿੰਘ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਗਗਨਦੀਪ ਸਿੰਘ ਬਰਨਾਲਾ, ਗਾਇਕ ਆਰ ਨੇਤ, ਕੋਰਵਾਲਾ ਮਾਨ, ਰਣਜੀਤ ਬਾਵਾ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਲਿਬਰੇਸ਼ਨ ਦੇ ਕਾ. ਸੁਖਦਰਸ਼ਨ ਸਿੰਘ ਨੱਤ, ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਤੇ ਗੁਰਪ੍ਰੀਤ ਸਿੰਘ ਝੱਬਰ, ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ, ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ, ਗੁਰਨਾਮ ਸਿੰਘ ਚੜੂਨੀ ਪ੍ਰਧਾਨ ਭਾਕਿਯੂ (ਚੜੂਨੀ), ਐਡਵੋਕੇਟ ਤਰਲੋਕ ਸਿੰਘ ਡਾਇਰੈਕਟਰ ਮਾਰਕਫੈੱਡ, ਬਾਬਾ ਦਲੇਰ ਸਿੰਘ ਢੱਕੀ ਵਾਲਾ, ਕ੍ਰਿਸ਼ਨ ਚੌਹਾਨ ਆਦਿ ਨੇ ਸੰਬੋਧਨ ਕੀਤਾ। 

ਪਿਛਲੀ ਖ਼ਬਰ ਜੰਮੂ-ਕਸ਼ਮੀਰ ਜਾ ਰਹੀ ਬੱਸ ’ਤੇ ਦੋਰਾਹਾ ਵਿਖੇ ਪਥਰਾਅ, ਸ਼ੀਸ਼ੇ ਟੁੱਟੇ ਅਗਲੀ ਖ਼ਬਰ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ ਹੋਇਆ ਲਾਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।