ਅੱਜ ਗੁਰਦਾਸਪੁਰ, ਸੰਗਰੂਰ ਤੇ ਮਾਨਸਾ ’ਚ ਨਸ਼ਾ ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ
ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 19 ਅਕਤੂਬਰ-ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਤੇ ਨਸ਼ਾ ਤਸਕਰੀ ਵਿਰੁੱਧ ਆਵਾਜ਼ ਉਠਾਉਣ ਵਾਲੇ ਵਿਅਕਤੀਆਂ ਨਾਲ ਸੰਬੰਧਿਤ ਮਾਮਲਿਆਂ ਨੂੰ ਲੈ ਕੇ ਵਧ ਰਹੀ ਚਰਚਾ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦੌਰੇ ’ਤੇ ਆਉਣਗੇ। ਇਸ ਦੌਰਾਨ ਉਹ ਗੁਰਦਾਸਪੁਰ, ਸੰਗਰੂਰ ਅਤੇ ਮਾਨਸਾ ਵਿਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਦੌਰੇ ਦੇ ਆਖ਼ਰੀ ਪੜਾਅ ਵਿਚ ਉਹ ਲੁਧਿਆਣਾ ਦੇ ਦਰੇਸੀ ਵਿਖੇ ਦੁਸਹਿਰਾ ਸਮਾਰੋਹ ’ਚ ਸ਼ਿਰਕਤ ਕਰਨਗੇ। ਅਮਿਤ ਸ਼ਾਹ ਨੇ ਦੌਰੇ ਦੀ ਸਮਾਂ ਸਾਰਣੀ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਾਂਝੀ ਕਰਕੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਨੂੰ ਨਸ਼ੇ ਦੇ ਗਰਦ ’ਚ ਧਕੇਲਣ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਭਾਜਪਾ ਸੱਤਾ ’ਚ ਆਈ ਤਾਂ ਚਿੱਟਾ ਕਾਰੋਬਾਰੀਆਂ ਨੂੰ ਚੁਣ-ਚੁਣ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ ਅਤੇ ਪੰਜਾਬ ਨੂੰ ਨਸ਼ਾ-ਮੁਕਤ ਬਣਾਇਆ ਜਾਵੇਗਾ। ਹਾਲ ਹੀ ’ਚ ਪੰਜਾਬ ਵਿਚ ਨਸ਼ਿਆਂ ਨਾਲ ਜੁੜੇ ਕੁਝ ਮਾਮਲਿਆਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਵੀ ਬਿਆਨਬਾਜ਼ੀ ਹੋਈ ਹੈ ਤੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸੂਬਾ ਸਰਕਾਰ ਤੋਂ ਕੁਝ ਘਟਨਾਵਾਂ ਸਬੰਧੀ ਰਿਪੋਰਟਾਂ ਵੀ ਮੰਗੀਆਂ ਗਈਆਂ ਹਨ। ਅਮਿਤ ਸ਼ਾਹ ਨੇ ਆਪਣੇ ਪੰਜਾਬ ਦੌਰੇ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਨਸ਼ਾ ਤਸਕਰਾਂ ਵਿਰੁੱਧ ਆਵਾਜ਼ ਉਠਾਉਣ ਕਾਰਨ ਆਪਣੀਆਂ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲਣਗੇ। ਇਸ ਪਿਛੋਕੜ ਵਿਚ ਉਨ੍ਹਾਂ ਦੀ ਮਾਨਸਾ, ਸੰਗਰੂਰ ਅਤੇ ਗੁਰਦਾਸਪੁਰ ਫੇਰੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਪੰਜਾਬ ’ਚ ਨਸ਼ਿਆਂ ਦਾ ਮੁੱਦਾ ਸਿਆਸੀ ਬਹਿਸ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਵੱਖ-ਵੱਖ ਪਾਰਟੀਆਂ ਵਲੋਂ ਇਸ ਮਾਮਲੇ ਨੂੰ ਲੈ ਕੇ ਇਕ-ਦੂਜੇ ’ਤੇ ਦੋਸ਼ ਲਾਏ ਜਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਸੋਧੇ ਹੋਏ ਦੌਰਾ ਪ੍ਰੋਗਰਾਮ ਅਨੁਸਾਰ, ਅਮਿਤ ਸ਼ਾਹ ਸਵੇਰੇ 10.35 ਵਜੇ ਦਿੱਲੀ ਸਥਿਤ ਕ੍ਰਿਸ਼ਨਾ ਮੈਨਨ ਮਾਰਗ ਤੋਂ ਰਵਾਨਾ ਹੋਣਗੇ ਤੇ 10.55 ਵਜੇ ਪਾਲਮ ਹਵਾਈ ਅੱਡੇ ’ਤੇ ਪਹੁੰਚਣਗੇ। ਉੱਥੋਂ ਹਵਾਈ ਜਹਾਜ਼ ਰਾਹੀਂ ਰਵਾਨਾ ਹੋ ਕੇ ਉਹ ਦੁਪਹਿਰ 12 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚਣਗੇ। ਇਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜੇ ਪਿੰਡ ਮਾੜੀ ਪਨਵਾਂ ਜਾਣਗੇ, ਜਿੱਥੇ ਦੁਪਹਿਰ 12.45 ਤੋਂ 1 ਵਜੇ ਤੱਕ ਬਿਕਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਗੁਰਦਾਸਪੁਰ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਸੰਗਰੂਰ ਜ਼ਿਲ੍ਹੇ ਲਈ ਰਵਾਨਾ ਹੋਣਗੇ। ਉਹ ਦਿੜ੍ਹਬਾ ਸਥਿਤ ਅਨਾਜ ਮੰਡੀ ਪਹੁੰਚਣ ਤੋਂ ਬਾਅਦ ਤੂਰਬੰਜਾਰਾ ਪਿੰਡ ਦੇ ਹਰਦਮ ਪੱਟੀ ਵਿਖੇ ਪਹੁੰਚਣਗੇ। ਇੱਥੇ ਦੁਪਹਿਰ 2.30 ਤੋਂ 2.45 ਵਜੇ ਤੱਕ ਗੁਲਜਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਲਈ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਮਗਰੋਂ ਅਮਿਤ ਸ਼ਾਹ ਮਾਨਸਾ ਪਹੁੰਚਣਗੇ। ਨਿਰਧਾਰਤ ਪ੍ਰੋਗਰਾਮ ਅਨੁਸਾਰ ਉਹ ਵਾਰਡ ਨੰਬਰ 21, ਵਾਟਰ ਵਰਕਸ ਰੋਡ ਵਿਖੇ ਦੁਪਹਿਰ 3.35 ਵਜੇ ਪਹੁੰਚਣਗੇ। ਇੱਥੇ 3.35 ਤੋਂ 3.50 ਵਜੇ ਤੱਕ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਮਾਨਸਾ ਦੀ ਨਵੀਂ ਅਨਾਜ ਮੰਡੀ ਵਿਖੇ ਜਾਣਗੇ ਤੇ ਅਗਲੇ ਪੜਾਅ ਲਈ ਰਵਾਨਾ ਹੋਣਗੇ। ਦੌਰੇ ਦੇ ਆਖ਼ਰੀ ਪੜਾਅ ਵਿਚ ਕੇਂਦਰੀ ਗ੍ਰਹਿ ਮੰਤਰੀ ਲੁਧਿਆਣਾ ਪਹੁੰਚਣਗੇ। ਉਹ ਸ਼ਾਮ 4.35 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪਹੁੰਚਣਗੇ, ਜਿੱਥੇ ਉਨ੍ਹਾਂ ਦਾ ਪ੍ਰੋਗਰਾਮ ਰਾਖਵਾਂ ਰੱਖਿਆ ਗਿਆ ਹੈ। ਇਸ ਤੋਂ ਬਾਅਦ ਉਹ ਦੇਸਰੀ ਰੋਡ ਵਿਖੇ ਰਾਮਲੀਲਾ ਮੈਦਾਨ ’ਚ ਸ਼ਾਮ 5.05 ਤੋਂ 5.35 ਵਜੇ ਤੱਕ ਵਿਜੇਦਸ਼ਮੀ ਮੌਕੇ ਮਨਾਏ ਜਾ ਰਹੇ ਦੁਸਹਿਰਾ ਮੇਲਾ ’ਚ ਸ਼ਿਰਕਤ ਕਰਨਗੇ। ਸਮਾਰੋਹ ਵਿਚ ਸ਼ਮੂਲੀਅਤ ਤੋਂ ਬਾਅਦ ਉਹ ਹਲਵਾਰਾ ਹਵਾਈ ਅੱਡੇ ਲਈ ਰਵਾਨਾ ਹੋਣਗੇ ਤੇ ਸ਼ਾਮ 6.10 ਵਜੇ ਦਿੱਲੀ ਲਈ ਉਡਾਣ ਭਰਨਗੇ। ਅਮਿਤ ਸ਼ਾਹ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਪੰਜਾਬ ਵਿਚ ਨਸ਼ਿਆਂ ਦੀ ਤਸਕਰੀ, ਨਸ਼ਾ ਵਿਰੋਧੀ ਕਾਰਕੁਨਾਂ ਦੀ ਸੁਰੱਖਿਆ ਤੇ ਕਾਨੂੰਨ-ਵਿਵਸਥਾ ਦੇ ਮੁੱਦਿਆਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਭਾਜਪਾ ਵਲੋਂ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲਗਾਤਾਰ ਉਭਾਰਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 30 ਸਤੰਬਰ ਨੂੰ ਵੀ ਅਮਿਤ ਸ਼ਾਹ ਜਲੰਧਰ ਵਿਖੇ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਸਮਾਪਤੀ ਸਮਾਗਮ ਵਿਚ ਸ਼ਾਮਿਲ ਹੋਏ ਸਨ। ਕੇਂਦਰੀ ਗ੍ਰਹਿ ਮੰਤਰੀ ਦੇ ਦੌਰੇ ਨੂੰ ਲੈ ਕੇ ਸੰਬੰਧਿਤ ਜ਼ਿਲ੍ਹਾ ਪ੍ਰਸ਼ਾਸਨਾਂ ਤੇ ਸੁਰੱਖਿਆ ਏਜੰਸੀਆਂ ਵਲੋਂ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਦੌਰੇ ਦੌਰਾਨ ਹੈਲੀਕਾਪਟਰ ਅਤੇ ਸੜਕੀ ਮਾਰਗ ਰਾਹੀਂ ਆਵਾਜਾਈ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਅਤੇ ਆਵਾਜਾਈ ਦੇ ਪ੍ਰਬੰਧਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਵੇਗਾ।