ਜਗਤਾਰ ਸਿੰਘ
ਨਵੀਂ ਦਿੱਲੀ, 1 ਨਵੰਬਰ-ਦਿੱਲੀ ਦੇ ਰਾਮਲੀਲ੍ਹਾ ਗਰਾਊਂਡ ਵਿਖੇ ‘ਇੰਡੀਆ’ ਗਠਜੋੜ ਦੀ ‘ਵੋਟ ਬਚਾਓ ਦੇਸ਼ ਬਚਾਓ’ ਮਹਾਂਰੈਲੀ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਆਪਣੇ ਤਿੱਖੇ ਤੇਵਰ ਬਰਕਰਾਰ ਰੱਖਦਿਆਂ ਦਾਅਵਾ ਕੀਤਾ ਕਿ ਵੋਟਾਂ ਦੀ ਕਥਿਤ ਚੋਰੀ ਦੇ ਦੋਸ਼ ’ਚ ਗਿਆਨੇਸ਼ ਕੁਮਾਰ ਨੂੰ ਜੇਲ੍ਹ ਜਾਣਾ ਹੀ ਪਏਗਾ ਕਿਉਂਕਿ ਇਹ ਦੇਸ਼ ਦੇ ਹਰ ਨਾਗਰਿਕ ਦੀ ਆਵਾਜ਼ ਦੀ ਚੋਰੀ ਹੈ, ਜਿਸ ਨੂੰ ਕਾਨੂੰਨੀ ਭਾਸ਼ਾ ’ਚ ‘ਦੇਸ਼ਧ੍ਰੋਹ’ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਿਆਨੇਸ਼ ਕੁਮਾਰ ਦੀ ਮਦਦ ਤੋਂ ਬਗੈਰ ਨਾ ਤਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਤੇ ਨਾ ਹੀ ਅਮਿਤ ਸ਼ਾਹ ਗ੍ਰਹਿ ਮੰਤਰੀ ਬਣ ਸਕਦੇ ਸਨ। ਇਸ ਮਹਾਂਰੈਲੀ ’ਚ ਕਾਂਗਰਸ, ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ, ਸ਼ਿਵ ਸੈਨਾ (ਯੂ.ਬੀ.ਟੀ.), ਆਰ.ਜੇ.ਡੀ., ਝਾਰਖੰਡ ਮੁਕਤੀ ਮੋਰਚਾ ਸਮੇਤ ਗਠਜੋੜ ਦੇ ਤਮਾਮ ਆਗੂਆਂ ਨੇ ਆਪੋ-ਆਪਣੇ ਅੰਦਾਜ਼ ’ਚ ਵੋਟ ਚੋਰੀ ਲਈ ਚੋਣ ਕਮਿਸ਼ਨ ਤੇ ਮੋਦੀ ਸਰਕਾਰ ਨੂੰ ਘੇਰਿਆ ਤੇ ਦੇਸ਼ ਭਰ ’ਚ ਵੋਟਰ ਸੂਚੀਆਂ ਦੀ ਕੀਤੀ ਗਈ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਤੇ 13 ਕਰੋੜ ਤੋਂ ਵੱਧ ਵੋਟਰਾਂ ਦੇ ਨਾਂਅ ਕਥਿਤ ਤੌਰ ’ਤੇ ਕੱਟੇ ਜਾਣ ਵਿਰੁੱਧ ਜ਼ੋਰਦਾਰ ਤਰੀਕੇ ਨਾਲ ਆਵਾਜ਼ ਬੁਲੰਦ ਕੀਤੀ। ਰਾਮਲੀਲ੍ਹਾ ਮੈਦਾਨ ’ਚ ਇਕੱਠੇ ਹੋਏ ਲੱਖਾਂ ਸਮਰਥਕਾਂ ਨੇ “ਵੋਟ ਚੋਰੀ ਬੰਦ ਕਰੋ” ਤੇ “ਲੋਕਤੰਤਰ ਬਚਾਓ” ਵਰਗੇ ਜ਼ੋਰਦਾਰ ਨਾਅਰੇ ਲਗਾਏ। ਵੱਖ-ਵੱਖ ਪਾਰਟੀਆਂ ਦੇ ਵਰਕਰ ਆਪੋ-ਆਪਣੇ ਪਾਰਟੀ ਝੰਡੇ ਤੇ ਰੰਗ-ਬਿਰੰਗੇ ਪਹਿਰਾਵੇ ’ਚ ਪਹੁੰਚੇ, ਜਿਸ ਨੇ ਵਿਰੋਧੀ ਧਿਰ ਦੀ ਸਿਆਸੀ ਤਾਕਤ ਤੇ ਏਕਤਾ ਨੂੰ ਦਰਸਾਇਆ। ਇਸ ਤੋਂ ਪਹਿਲਾਂ ‘ਇੰਡੀਆ’ ਗਠਜੋੜ ਨੇ ਕਨਾਟ ਪਲੇਸ ਦੇ ਮਿੰਟੋ ਬ੍ਰਿੱਜ ਤੋਂ ਰਾਮਲੀਲ੍ਹਾ ਮੈਦਾਨ ਤੱਕ ਮਾਰਚ ਕੱਢਿਆ। ਰੈਲੀ ਕਾਰਨ ਦਿੱਲੀ ਦੇ ਕਈ ਇਲਾਕਿਆਂ ਤੇ ਸਰਹੱਦਾਂ ’ਤੇ ਭਾਰੀ ਜਾਮ ਵੇਖਣ ਨੂੰ ਮਿਲਿਆ।
ਮੋਦੀ-ਸ਼ਾਹ ਖ਼ਿਲਾਫ਼ ਵੀ ਹੋਵੇਗੀ ਕਾਰਵਾਈ-ਰਾਹੁਲ
ਰੈਲੀ ਦੌਰਾਨ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ‘ਵੋਟ ਚੋਰੀ’ ਦੇ ਮੁੱਦੇ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਜੇਲ੍ਹ ਭੇਜਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ। ਰਾਹੁਲ ਨੇ ਦੋਸ਼ ਲਾਇਆ ਕਿ 2024 ਦੀਆਂ ਲੋਕ ਸਭਾ ਚੋਣਾਂ ਤੇ ਕਈ ਰਾਜਾਂ ਦੀਆਂ ਚੋਣਾਂ ’ਚ ਈ.ਵੀ.ਐਮ. ਤੇ ਵੋਟਰ ਸੂਚੀਆਂ ’ਚ ਹੇਰਾਫੇਰੀ ਕਰਕੇ ਵੱਡੇ ਪੱਧਰ ’ਤੇ “ਵੋਟ ਚੋਰੀ” ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਆਮ ਚੋਰੀ ਨਹੀਂ ਬਲਕਿ ਹਰ ਨਾਗਰਿਕ ਦੀ ਆਵਾਜ਼ ਦੀ ਚੋਰੀ ਹੈ, ਜਿਸ ਨੂੰ ਕਾਨੂੰਨੀ ਭਾਸ਼ਾ ’ਚ ਦੇਸ਼ ਧ੍ਰੋਹ ਤੇ ‘ਰੇਅਰ ਆਫ਼ ਰੇਅਰ ਕੇਸ’ ਕਿਹਾ ਜਾਂਦਾ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ “ਵੋਟ ਚੋਰੀ” ਕਰਨ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਚੋਣ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਦੇ ਨਾਂਅ ’ਤੇ ਦੇਸ਼ ਭਰ ’ਚ ਲਗਭਗ 13.5 ਕਰੋੜ ਵੋਟਰਾਂ ਦੇ ਨਾਂਅ ਸੂਚੀ ’ਚੋਂ ਹਟਾ ਦਿੱਤੇ ਗਏ, ਜਿਸ ਨਾਲ ਦੇਸ਼ ਦੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ।
ਗਿਆਨੇਸ਼ ਕੁਮਾਰ ਨੂੰ ਪਾਤਾਲ ’ਚੋਂ ਵੀ ਕੱਢ ਲਿਆਵਾਂਗੇ-ਖੜਗੇ
ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ’ਚ ਮਹਿਲਾਵਾਂ, ਨੌਜਵਾਨਾਂ ਤੇ ਦਲਿਤਾਂ ਦੀ ਵੋਟ ਖੋਹਣ ਦੀ ਕੋਸ਼ਸ਼ ਹੋ ਰਹੀ ਹੈ, ਜਿਸ ਖ਼ਿਲਾਫ਼ ਅਸੀਂ ਇਕੱਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਮੋਦੀ ਆਪਣੇ ਚੇਲੇ ਰਾਹੀਂ ਵੋਟਾਂ ਕਟਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਤਕ ਗਿਆਨੇਸ਼ ਕੁਮਾਰ ਜਾਣਗੇ ਨਹੀਂ ਤਦ ਤਕ ਅਸੀਂ ਸ਼ਾਂਤੀ ਨਾਲ ਨਹੀਂ ਬੈਠਾਂਗੇ। ਉਨ੍ਹਾਂ ਕਿਹਾ ਕਿ ਜੇਕਰ ਗਿਆਨੇਸ਼ ਕੁਮਾਰ ਪਾਤਾਲ ’ਚ ਲੁਕ ਕੇ ਬੈਠ ਜਾਣਗੇ ਤਾਂ ਨੌਜਵਾਨ ਉਨ੍ਹਾਂ ਨੂੰ ਉੱਥੋਂ ਵੀ ਕੱਢ ਲਿਆਉਣਗੇ।
1984 ਸਿੱਖ ਕਤਲੇਆਮ ਦੇ ਹਵਾਲੇ ਨਾਲ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਵਾਲੇ ਪੋਸਟਰ ਪਾੜੇ
ਰਾਮਲੀਲ੍ਹਾ ਮੈਦਾਨ ਨੇੜੇ ਦਿੱਲੀ ਦੇ ਮਿੰਟੋ ਰੋਡ ’ਤੇ 1984 ਦੇ ਸਿੱਖ ਕਤਲੇਆਮ ਦੀ ਯਾਦ ’ਚ ਲਗਾਏ ਗਏ ਭਾਜਪਾ ਦੇ ਪੋਸਟਰਾਂ ਨੂੰ ਕਾਂਗਰਸ ਵਰਕਰਾਂ ਵਲੋਂ ਪਾੜੇ ਜਾਣ ਤੋਂ ਬਾਅਦ ਕਾਫ਼ੀ ਹੰਗਾਮਾ ਹੋਇਆ ਕਿਉਂਕਿ ਪੋਸਟਰ ਪਾੜਨ ਦਾ ਉੱਥੇ ਮੌਜੂਦਾ ਭਾਜਪਾ ਵਰਕਰਾਂ ਨੇ ਵਿਰੋਧ ਕੀਤਾ । ਇਹ ਘਟਨਾ ਉਦੋਂ ਵਾਪਰੀ ਜਦੋਂ ਵਿਰੋਧੀ ਧਿਰਾਂ ਦੇ ‘ਇੰਡੀਆ’ ਗਠਜੋੜ ਵਲੋਂ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵੱਲ ਮਾਰਚ ਕੱਢਿਆ ਜਾ ਰਿਹਾ ਸੀ। ਭਾਰਤੀ ਜਨਤਾ ਪਾਰਟੀ ਵਲੋਂ 1 ਨਵੰਬਰ ਨੂੰ ਸਿੱਖ ਕਤਲੇਆਮ ਦੀ ਬਰਸੀ ਦੇ ਸਬੰਧ ’ਚ ਦਿੱਲੀ ਦੇ ਕਈ ਹਿੱਸਿਆਂ ’ਚ ਪੋਸਟਰ ਤੇ ਹੋਰਡਿੰਗਜ਼ ਲਗਾਏ ਗਏ ਸਨ, ਜਿਨ੍ਹਾਂ ’ਤੇ “ਨਾ ਭੁੱਲੇ ਹਾਂ, ਨਾ ਮੁਆਫ਼ ਕਰਾਂਗੇ” ਵਰਗੇ ਨਾਅਰੇ ਲਿਖੇ ਹੋਏ ਸਨ।