ਹੁਸ਼ਿਆਰਪੁਰ, 19 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹਲਕਾ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਸ਼ਹਿਰ ਦੇ ਵਾਰਡ ਨੰਬਰ 34 ਵਿਚ 16 ਲੱਖ 25 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਦੇ ਨਿਰਮਾਣ ਕਾਰਜ ਦੀ ਰਸਮੀ ਸ਼ੁਰੂਆਤ ਕਰਵਾਈ | ਇਸ ਮੌਕੇ ਵਿਧਾਇਕ ਜਿੰਪਾ ਨੇ ਕਿਹਾ ਕਿ ਪਾਰਕ ਦੇ ਨਿਰਮਾਣ ਨਾਲ ਇਲਾਕੇ ਦੇ ਵਸਨੀਕਾਂ ਨੂੰ ਸਾਫ਼, ਹਰਾ ਅਤੇ ਸਿਹਤਮੰਦ ਵਾਤਾਵਰਨ ਮਿਲੇਗਾ | ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ 'ਚ ਹਰੀਆਂ ਥਾਵਾਂ ਦਾ ਵਿਕਾਸ ਸਮੇਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਇਹ ਪਾਰਕ ਬੱਚਿਆਂ ਦੇ ਖੇਡਣ, ਬਜ਼ੁਰਗਾਂ ਦੇ ਸੈਰ ਕਰਨ ਅਤੇ ਸਥਾਨਕ ਨਿਵਾਸੀਆਂ ਦੇ ਭਾਈਚਾਰਕ ਆਪਸੀ ਤਾਲਮੇਲ ਦਾ ਕੇਂਦਰ ਬਣੇਗਾ | ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਸਾਰੀ ਦਾ ਕੰਮ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਅਤੇ ਗੁਣਵੱਤਾ ਪੂਰਨ ਢੰਗ ਨਾਲ ਪੂਰਾ ਕੀਤਾ ਜਾਵੇ | ਇਸ ਮੌਕੇ ਕੌਂਸਲਰ ਵਿਜੇ ਅਗਰਵਾਲ, ਅਜੇ ਵਰਮਾ, ਰਾਕੇਸ਼ ਮੋਹਨ, ਪ੍ਰਦੀਪ ਨਕੜਾ, ਕਰਨਲ ਨਕੜਾ, ਸੁਰਜੀਤ ਸਿੰਘ, ਰਾਜ ਕੁਮਾਰ ਸਿੱਕਾ, ਪ੍ਰਦੀਪ ਕਪੂਰ, ਪੰਡਿਤ ਰਾਕੇਸ਼ ਕੁਮਾਰ ਅਤੇ ਸੰਜੀਵ ਸੂਦ ਸਮੇਤ ਹੋਰ ਪਤਵੰਤੇ ਹਾਜ਼ਰ ਸਨ | ਇਲਾਕਾ ਨਿਵਾਸੀਆਂ ਨੇ ਉਮੀਦ ਪ੍ਰਗਟ ਕੀਤੀ ਕਿ ਪਾਰਕ ਦੇ ਨਿਰਮਾਣ ਨਾਲ ਵਾਰਡ ਸੁੰਦਰ ਬਣੇਗਾ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ |