ਖਡਿਆਲਾ ਸੈਣੀਆਂ-ਮਾਣਕਢੇਰੀ ਧੁੱਸੀ ਬੰਨ੍ਹ ਸਮੇਤ ਇਲਾਕੇ ਦੀਆਂ ਸੰਪਰਕ ਸੜਕਾਂ ਪੱਕੀਆਂ ਕਰਨ ਦੀ ਮੰਗ
ਅਜੀਤ ਡੈਸਕ
01-03-2026
ਸ਼ਾਮਚੁਰਾਸੀ, 28 ਫਰਵਰੀ-ਪੰਜਾਬ ਸਰਕਾਰ ਵਲੋਂ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਦਰਮਿਆਨ, ਸ਼ਾਮਚੁਰਾਸੀ ਹਲਕੇ ਦੇ ਕਈ ਪਿੰਡਾਂ ਦੇ ਵਾਸੀਆਂ ਨੇ ਇਲਾਕੇ ਦੀਆਂ ਕੁਝ ਜ਼ਰੂਰੀ ਕੱਚੀਆਂ ਸੰਪਰਕ ਸੜਕਾਂ ਨੂੰ ਪੱਕਾ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ | ਇਸ ਅਧੀਨ ਖਡਿਆਲਾ ਸੈਣੀਆਂ ਤੋਂ ਮਾਣਕ ਢੇਰੀ ਤੱਕ ਬਣੀ ਮਹਿੰਗਰੋਵਾਲ ਚੋਅ ਦੀ ਧੁੱਸੀ ਬੰਨ੍ਹ ਤੇ ਬਣੀ ਸੜਕ ਅਜੇ ਵੀ ਕੱਚੀ ਹੈ | ਇਸ ਧੁੱਸੀ ਬੰਨ੍ਹ ਤੇ ਪੱਕੀ ਸੜਕ ਬਣਾ ਕੇ ਭੋਗਪੁਰ ਤੱਕ ਪੱਕਾ ਸੜਕ ਸੰਪਰਕ ਬਣਾਇਆ ਜਾ ਸਕਦਾ ਹੈ ਕਿਉਂਕਿ ਮਾਣਕ ਢੇਰੀ ਦੀ ਧੁੱਸੀ ਤੋਂ ਭੋਗਪੁਰ ਤੱਕ ਪੱਕੀ ਸੜਕ ਦਾ ਨਿਰਮਾਣ ਪਹਿਲਾਂ ਹੀ ਹੋ ਚੁੱਕਾ ਹੈ | ਇਸ ਸੜਕ ਦੇ ਨਿਰਮਾਣ ਨਾਲ ਖਡਿਆਲਾ ਸੈਣੀਆਂ, ਢੱਡੇ, ਕੋਟਲੀ ਬਾਵਾ ਦਾਸ, ਮੂੰਡੀਆਂ ਜੱਟਾਂ, ਸਰਹਾਲਾ, ਖ਼ਾਨਪੁਰ, ਸਹੋਤਾ, ਬੇਗਮਪੁਰ, ਜੰਡਿਆਲਾ, ਝੋਜੜ, ਖਰਦੇਹੜ, ਮਾਣਕ ਢੇਰੀ ਆਦਿ ਪਿੰਡਾਂ ਦਾ ਸਿੱਧਾ ਸੰਪਰਕ ਜੁੜ ਜਾਵੇਗਾ ਅਤੇ ਖ਼ਾਸ ਕਰਕੇ ਇਸ ਇਲਾਕੇ ਦੇ ਗੰਨਾਂ ਕਾਸ਼ਤਾਂ ਨੰੂ ਭੋਗਪੁਰ ਖੰਡ ਮਿੱਲ ਤੱਕ ਗੰਨਾ ਲੈ ਕੇ ਜਾਣਾ ਆਸਾਨ ਹੋਵੇਗਾ | ਇਸ ਸੜਕ ਦੇ ਪੱਕੇ ਹੋਣ ਨਾਲ ਜਿੱਥੇ ਇਲਾਕੇ ਨੂੰ ਆਵਾਜਾਈ ਲਈ ਨਵਾਂ ਸੰਪਰਕ ਬਹਾਲ ਹੋਵੇਗਾ, ਉੱਥੇ ਬਰਸਾਤਾਂ ਦੇ ਦਿਨਾਂ ਵਿਚ ਇਸ ਇਸ ਦੇ ਨਾਲ ਲੱਗਦੇ ਮਹਿੰਗਰੋਵਾਲ ਚੋਅ ਵਿਚ ਪਾਣੀ ਆ ਜਾਣ ਕਾਰਨ ਇਹ ਧੁੱਸੀ ਕੱਚੀ ਹੋਣ ਕਾਰਨ ਟੁੱਟ ਵੀ ਜਾਂਦੀ ਸੀ, ਦੇ ਪੱਕੇ ਹੋਣ ਨਾਲ ਮਜ਼ਬੂਤੀ ਮਿਲੇਗੀ | ਇਨ੍ਹਾਂ ਤੋਂ ਇਲਾਵਾ ਪਿੰਡ ਨੰਦਾਚੌਰ ਤੋਂ ਫੱਤੋਵਾਲ, ਨੰਦਾਚੌਰ ਡੇਰੇ ਤੋਂ ਪਿੰਡ ਆਹਰਾਂ, ਪਿੰਡ ਸਹੋਤਾ ਤੋਂ ਬਡਾਲਾ ਪੱਕਾ, ਪਿੰਡ ਖ਼ਾਨਪੁਰ ਤੋਂ ਧਾਮੀਆਂ ਨਰਿਆਲ, ਪਿੰਡ ਕੋਟਲੀ ਬਾਵਾ ਦਾਸ ਤੋਂ ਬੂਰੇ ਜੱਟਾਂ, ਮੂੰਡੀਆਂ ਜੱਟਾਂ ਤੋਂ ਕੋਟਲੀ ਬਾਵਾਦਾਸ, ਨੰਦਾਚੌਰ ਡੇਰਾ ਬਾਬਾ ਸੁਖੇ ਸ਼ਾਹ ਤੋਂ ਮੂੰਡੀਆਂ ਰੰਘੜਾਂ ਸੜਕ ਵੀ ਅਜੇ ਤੱਕ ਕੱਚੀਆਂ ਹੀ ਹਨ | ਇਨ੍ਹਾਂ ਪਿੰਡਾਂ ਨੂੰ ਜੋੜਦੀਆਂ ਬਹੁਗਿਣਤੀ ਇਨ੍ਹਾਂ ਕੱਚੀਆਂ ਸੜਕਾਂ ਦਾ ਆਪਸੀ ਫਾਸਲਾ ਲਗਭਗ 1-2 ਕਿੱਲੋਮੀਟਰ ਹੀ ਹੈ, ਪਰ ਇਨ੍ਹਾਂ ਪਿੰਡਾਂ ਨੂੰ ਪੱਕੀਆਂ ਸੜਕਾਂ ਰਹੀਂ ਜਾਣ ਲਈ ਲਗਭਗ 5-7 ਕਿੱਲੋਮੀਟਰ ਘੁੰਮ ਕੇ ਜਾਣਾ ਪੈਂਦਾ ਹੈ | ਇਸ ਤੋਂ ਇਲਾਵਾ ਬਰਸਾਤਾਂ ਵਿਚ ਇਨ੍ਹਾਂ ਕੱਚਿਆਂ ਰਸਤਿਆਂ ਰਹੀਂ ਇਨ੍ਹਾਂ ਪਿੰਡਾਂ ਨੂੰ ਜਾਣ ਦਾ ਸੰਪਰਕ ਬਿਲਕੁਲ ਬੰਦ ਹੋ ਜਾਂਦਾ ਹੈ | ਇੱਥੇ ਤੱਕ ਕਿ ਕਿਸਾਨਾਂ ਨੂੰ ਆਪਣੇ ਖੇਤ ਜਾਣ ਜਾਂ ਫਿਰ ਪਸ਼ੂਆਂ ਦਾ ਚਾਰਾ ਲੈ ਕੇ ਆਉਣ ਲਈ ਕਈ ਕਿੱਲੋਮੀਟਰ ਘੁੰਮ ਕੇ ਜਾਣਾ ਪੈਂਦਾ ਹੈ | ਇੱਥੇ ਇਲਾਕੇ ਦੇ ਮੋਹਤਵਰਾਂ ਅਤੇ ਸਬੰਧਿਤ ਪਿੰਡ ਵਾਸੀ ਨੇ ਪੰਜਾਬ ਸਰਕਾਰ, ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਸੰਪਰਕ ਸੜਕਾਂ ਦੇ ਨਿਰਮਾਣ ਲਈ ਵਿਸ਼ੇਸ਼ ਬਜਟ ਅਲਾਟ ਕੀਤਾ ਜਾਵੇ | ਉਨ੍ਹਾਂ ਉਮੀਦ ਪ੍ਰਗਟਾਈ ਕਿ ਲੋਕ ਹਿਤਾਂ ਨੂੰ ਮੁੱਖ ਰੱਖਦਿਆਂ ਸਰਕਾਰ ਜਲਦ ਹੀ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਦੇਵੇਗੀ, ਤਾਂ ਜੋ ਇਲਾਕੇ ਦੇ ਪਿੰਡ ਵੀ ਸੂਬੇ ਦੇ ਆਧੁਨਿਕ ਸੜਕ ਨੈੱਟਵਰਕ ਦਾ ਹਿੱਸਾ ਬਣ ਸਕਣ |