ਹਾਜੀਪੁਰ, 28 ਫਰਵਰੀ (ਜੋਗਿੰਦਰ ਸਿੰਘ)-ਕੰਡੀ ਖੇਤਰ 'ਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਮਾਈਨਿੰਗ ਮਾਫ਼ੀਆ ਦੀ ਮਨਮਾਨੀ ਨੂੰ ਲੈ ਕੇ ਅੱਜ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਕਿਰਪਾਲ ਸਿੰਘ ਗੇਰਾ ਅਤੇ ਸੀਨੀਅਰ ਅਕਾਲੀ ਆਗੂ ਲਖਵਿੰਦਰ ਸਿੰਘ ਟਿੰਮੀ ਦੀ ਅਗਵਾਈ ਹੇਠ ਪਿੰਡ ਹੰਦਵਾਲ ਨਜ਼ਦੀਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਇਲਾਕੇ ਦੇ ਸਰਪੰਚਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਸਨ | ਇਸ ਮੌਕੇ ਜਥੇਦਾਰ ਗੇਰਾ ਦੀ ਅਗਵਾਈ ਹੇਠ ਵਫ਼ਦ ਸ਼ਾਹ ਨਹਿਰ ਦੀ ਜ਼ਮੀਨ 'ਤੇ ਹੋਈ ਨਜਾਇਜ਼ ਮਾਈਨਿੰਗ ਵਾਲੀ ਜਗ੍ਹਾ 'ਤੇ ਪੁੱਜਾ ਤੇ ਮੌਕਾ ਦੇਖਿਆ ਗਿਆ | ਗੱਲਬਾਤ ਕਰਦਿਆਂ ਜਥੇਦਾਰ ਗੇਰਾ ਨੇ ਕਿਹਾ ਕਿ ਮਾਈਨਿੰਗ ਮਾਫ਼ੀਆ ਵਲੋਂ ਮਹਿਕਮੇ ਦੀ ਮਿਲੀਭੁਗਤ ਨਾਲ ਸ਼ਾਹ ਨਹਿਰ ਦੀ ਜ਼ਮੀਨ ਬਰਬਾਦ ਕਰਕੇ ਰੱਖ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਲਾਕੇ ਵਿਚ ਹੋਈ ਨਾਜਾਇਜ਼ ਮਾਈਨਿੰਗ ਨਾਲ ਪੂਰਾ ਇਲਾਕਾ ਖ਼ਤਰੇ ਵਿਚ ਪੈ ਗਿਆ ਹੈ, ਜੇਕਰ ਤੇਜ਼ ਵਰਖਾ ਆਉਂਦੀ ਹੈ ਤਾਂ ਹੜ੍ਹਾਂ ਵਰਗੇ ਹਾਲਤ ਬਣ ਜਾਣਗੇ | ਉਨ੍ਹਾਂ ਕਿਹਾ ਕਿ ਜਲਦੀ ਹੀ ਇਲਾਕੇ ਵਿਚ ਹੋਈ ਨਜਾਇਜ਼ ਮਾਈਨਿੰਗ ਨੂੰ ਲੈ ਕੇ ਵਫ਼ਦ ਰਾਜਪਾਲ ਪੰਜਾਬ ਨੂੰ ਮਿਲੇਗਾ ਤੇ ਇਲਾਕੇ ਵਿਚ ਉਨ੍ਹਾਂ ਦੀ ਵਿਜ਼ਟ ਕਰਵਾ ਕੇ ਸਾਰੇ ਹਾਲਾਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਇਸ ਮੌਕੇ ਸਰਪੰਚ ਸੰਦੀਪ ਸਿੰਘ ਸੰਨ੍ਹੀ, ਸੁਖਚੈਨ ਸਿੰਘ ਸਰਕਲ ਪ੍ਰਧਾਨ ਬੇਲਾ ਸਰਿਆਣਾ, ਫ਼ਤਿਹ ਸਿੰਘ ਦਗਨ ਸਰਕਲ ਪ੍ਰਧਾਨ, ਬੀਬੀ ਗੁਰਮੀਤ ਕੌਰ ਸਰਪੰਚ ਨਵੇਂ ਘਰ, ਗੁਰਦਿਆਲ ਸਿੰਘ ਉਲਾਹਾ ਸਰਕਲ ਪ੍ਰਧਾਨ ਹਾਜੀਪੁਰ, ਅਮਰੀਕ ਸਿੰਘ ਹੰਦਵਾਲ, ਬਚਨ ਸਿੰਘ ਗੇਰਾ, ਉਂਕਾਰ ਸਿੰਘ ਕਾਜੂਪੀਰ, ਨਿਰਮਲ ਸਿੰਘ ਸਿੱਬੋਚੱਕ, ਕਾਰਜ ਸਿੰਘ, ਸੁਭਾਸ਼ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ, ਮੋਹਨ ਸਿੰਘ ਆਦਿ ਤੋਂ ਇਲਾਵਾ ਹੋਰ ਇਲਾਕਾ ਵਾਸੀ ਹਾਜ਼ਰ ਸਨ |