ਹੁਸ਼ਿਆਰਪੁਰ, 28 ਅਪ੍ਰੈਲ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਪੰਜਾਬ 'ਚ ਫ਼ਸਲੀ ਵਿਭਿੰਨਤਾ ਨੂੰ ਬੜ੍ਹਾਵਾ ਦੇਣ ਅਤੇ ਕੰਢੀ ਖੇਤਰ 'ਚ ਮੂੰਗਫਲੀ ਤੇ ਫਲਾਂ, ਸਬਜ਼ੀਆਂ ਦੀ ਕਾਸ਼ਤ ਨੂੰ ਵਪਾਰਕ ਪੱਧਰ 'ਤੇ ਲਿਆਉਣ ਅਤੇ ਮੁਨਾਫ਼ਾਕਾਰੀ ਬਣਾਉਣ ਲਈ, ਫ਼ਸਲਾਂ ਨੂੰ ਡੱਬਾਬੰਦੀ ਕਰਨ ਦੀ ਮੁਹਿੰਮ ਨੂੰ ਤੇਜ਼ ਕਰਨ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਨੂੰ ਪੂਰਾ ਕਰਨ ਲਈ ਸਿਟਰਸ ਅਸਟੇਟ ਭੂੰਗਾ ਵਲੋਂ ਬਣਾਏ ਗਏ ਪੀਨੱਟ ਬਟਰ ਨੂੰ ਰਸਮੀ ਤੌਰ 'ਤੇ ਵੇਚਣ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਰਸਮੀ ਤੌਰ 'ਤੇ ਪੀਨੱਟ ਬਟਰ ਨੂੰ ਲੋਕ-ਅਰਪਣ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਨਾਲ ਕੰਢੀ ਖੇਤਰ 'ਚ ਮੂੰਗਫਲੀ ਦੀ ਕਾਸ਼ਤ ਹੋਰ ਵਧੇਗੀ ਤੇ ਕਿਸਾਨਾਂ ਨੂੰ ਲਾਭ ਹੋਵੇਗਾ | ਉਨ੍ਹਾਂ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਾਲ ਤੋਂ ਕੰਢੀ ਖੇਤਰ 'ਚ ਉਗਾਏ ਜਾਣ ਵਾਲੇ ਫ਼ਲ ਆਮਲਾ, ਬਿਲ, ਜਾਮਣ, ਗਲਗਲ, ਨਿੰਬੂ, ਕਿੰਨੂ, ਆਲੂ ਬਖਾਰਾ, ਅੰਬ ਤੇ ਜੜ੍ਹੀ-ਬੂਟੀਆਂ ਨੂੰ ਵੀ ਪੋ੍ਰਸੈੱਸ ਕਰਕੇ ਵੇਚਿਆ ਜਾਵੇ | ਇਸ ਮੌਕੇ ਸਿਟਰਸ ਅਸਟੇਟ ਭੂੰਗਾ ਦੇ ਚੇਅਰਮੈਨ ਡਾ: ਜਸਪਾਲ ਸਿੰਘ ਢੇਰੀ ਨੇ ਕਿਹਾ ਕਿ ਸਿਟਰਸ ਅਸਟੇਟ ਭੂੰਗਾ ਵਲੋਂ ਪੀ.ਏ.ਯੂ. ਲੁਧਿਆਣਾ ਦੇ ਪੋਸਟ ਹਾਰਵੈਸਟ ਸੈਂਟਰ ਤੋਂ ਕਿਸਾਨਾਂ ਅਤੇ ਸਟਾਫ਼ ਨੂੰ ਟਰੇਨਿੰਗ ਪ੍ਰਦਾਨ ਕਰਵਾ ਦਿੱਤੀ ਗਈ ਹੈ ਅਤੇ ਜਲਦ ਹੀ ਆਲੂ ਬੁਲਾਰੇ, ਸੇਬ ਆਦਿ ਦੇ ਅਚਾਰ, ਚਟਣੀ ਤੇ ਮੁਰੱਬਾ ਬਣਾਉਣ ਦੇ ਯੋਗ ਯਤਨ ਕੀਤੇ ਜਾਣਗੇ | ਇਸ ਮੌਕੇ ਪਰਮਜੀਤ ਸਿੰਘ ਕਾਲੂਵਾਹਰ ਨੇ ਕਿਹਾ ਕਿ ਸਿਟਰਸ ਅਸਟੇਟ ਭੂੰਗਾ ਵਲੋਂ ਧਰਤੀ ਅਤੇ ਸਿਹਤ ਨੂੰ ਸੰਭਾਲਣ ਲਈ ਇਕ ਮੁਹਿੰਮ ਚਲਾਈ ਜਾਵੇਗੀ, ਜਿਸ 'ਚ ਰਸਾਇਣਿਕ ਖਾਦਾਂ ਦੀ ਬਹੁਤ ਘੱਟ ਵਰਤੋਂ ਕਰਕੇ ਬਾਇਓ ਫਰਟੀਲਾਈਜ਼ਰ ਦੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ | ਇਸ ਮੌਕੇ ਓਇਸ਼ੀ ਮੰਡਲ ਆਈ.ਏ.ਐੱਸ., ਪਰਮਪ੍ਰੀਤ ਸਿੰਘ ਸਹਾਇਕ ਕਮਿਸ਼ਨਰ, ਲਖਬੀਰ ਸਿੰਘ ਬਾਗ਼ਬਾਨੀ ਵਿਕਾਸ ਅਫ਼ਸਰ ਭੂੰਗਾ, ਜਸਦੀਪ ਸਿੰਘ ਤੇ ਉੱਘੇ ਕਿਸਾਨ ਗੁਰਕੀਰਤ ਸਿੰਘ ਹਾਜ਼ਰ ਸਨ |