ਮੁਕੇਰੀਆਂ, 15 ਮਈ (ਰਾਮਗੜ੍ਹੀਆ)-ਜਲੰਧਰ-ਪਠਾਨਕੋਟ ਮੁੱਖ ਮਾਰਗ 'ਤੇ ਭੰਗਾਲਾ ਚੁੰਗੀ ਨੇੜੇ ਬੀਤੀ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ | ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ | ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਵਿਸ਼ਾਲ ਰਾਣਾ ਆਪਣੇ ਸਾਥੀ ਪ੍ਰੀਤ ਨਾਲ ਅਰਟਿਗਾ ਗੱਡੀ 'ਚ ਸਵਾਰ ਹੋ ਕੇ ਮੁਕੇਰੀਆਂ ਵਿਚ ਰੋਟੀ ਖਾਣ ਤੋਂ ਬਾਅਦ ਕਿਸੇ ਨਿੱਜੀ ਕੰਮ ਲਈ ਪਠਾਨਕੋਟ ਵੱਲ ਜਾ ਰਹੇ ਸਨ | ਜਦੋਂ ਉਹ ਮੁਕੇਰੀਆਂ ਤੋਂ ਕਰੀਬ ਡੇਢ ਕਿੱਲੋਮੀਟਰ ਦੂਰੀ 'ਤੇ ਭੰਗਾਲਾ ਚੁੰਗੀ ਨੇੜੇ ਪਹੁੰਚੇ ਤਾਂ ਬੀਤੀ ਰਾਤ ਕਰੀਬ 1 ਵਜੇ ਅਚਾਨਕ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ | ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਮੁਕੇਰੀਆਂ ਪਹੁੰਚਾਇਆ, ਪਰ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਜਲੰਧਰ ਰੈਫ਼ਰ ਕਰ ਦਿੱਤਾ | ਰਸਤੇ ਵਿਚ ਹੀ ਵਿਸ਼ਾਲ ਰਾਣਾ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ | ਮਿ੍ਤਕ ਦੀ ਪਛਾਣ ਵਿਸ਼ਾਲ ਰਾਣਾ (28) ਪੁੱਤਰ ਨਰਿੰਦਰ ਸਿੰਘ ਵਾਸੀ ਬੜਲਾ, ਤਹਿਸੀਲ ਦਸੂਹਾ ਵਜੋਂ ਹੋਈ ਹੈ |