ਹੁਸ਼ਿਆਰਪੁਰ, 17 ਮਈ (ਹਰਪ੍ਰੀਤ ਕੌਰ)-ਸ੍ਰੀ ਪ੍ਰਕਾਸ਼ ਰਾਏ ਖੰਨਾ ਤੇ ਸ੍ਰੀਮਤੀ ਕੌਸ਼ੱਲਿਆ ਦੇਵੀ ਖੰਨਾ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਜਲ ਬਚਾਓ ਵਿਸ਼ੇ 'ਤੇ ਬੀ. ਐਸ. ਐਫ. ਕੈਂਪ ਖੜਕਾਂ ਵਿਖੇ ਕਰਵਾਇਆ | ਕੈਂਪ 'ਚ ਟ੍ਰੇਨਿੰਗ ਲੈ ਰਹੇ ਜਵਾਨਾਂ ਨੇ ਇਸ 'ਚ ਵਧ ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਖੰਨਾ ਨੇ ਜਲ ਬਚਾਉਣ ਸੰਬੰਧੀ ਜਾਗਰੂਕ ਕੀਤਾ ਤੇ ਇਸ ਸੰਬੰਧੀ ਹਾਜ਼ਰ ਸਾਰਿਆਂ ਨੇ ਸੰਕਲਪ ਵੀ ਲਿਆ | ਖੰਨਾ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਸਰਹੱਦਾਂ 'ਤੇ ਦੇਸ਼ ਦੀ ਸੁਰੱਖਿਆ ਕਰਨ ਦੇ ਨਾਲ-ਨਾਲ ਜੇਕਰ ਜਲ ਨੂੰ ਬਚਾਉਣ ਦਾ ਆਪਣਾ ਕਰਤੱਵ ਬਣਾ ਲੈਣ ਤਾਂ ਵਿਸ਼ਵ ਨੂੰ ਪਾਣੀ ਦੀ ਕਮੀ ਨਾਲ ਹੋਣ ਵਾਲੇ ਸੰਭਾਵਿਤ ਖਤਰੇ ਤੋਂ ਬਚਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਹ ਜਵਾਨ ਇਸ ਵਿਚ ਪਹਿਲਕਦਮੀ ਕਰਕੇ ਬਾਕੀ ਤਿੰਨਾਂ ਸੈਨਾਵਾਂ ਦੇ ਜਵਾਨਾਂ ਨੂੰ ਵੀ ਜਲ ਬਚਾਉਣ ਨੂੰ ਆਪਣਾ ਮੌਲਿਕ ਕਰਤੱਵ ਬਣਾਉਣ ਦਾ ਸੰਦੇਸ਼ ਦੇ ਸਕਦੇ ਹਨ | ਖੰਨਾ ਨੇ ਕਿਹਾ ਕਿ ਟਰੱਸਟ ਵਲੋਂ ਜਲਦੀ ਹੀ ਜਲ ਬਚਾਓ ਵਿਸ਼ੇ 'ਤੇ ਇਕ ਲੇਖ ਪ੍ਰਤੀਯੋਗਤਾ ਕਰਵਾਈ ਜਾਵੇਗੀ, ਜਿਸ ਵਿਚ ਪਹਿਲੇ ਨੰਬਰ 'ਤੇ ਆਉਣ ਵਾਲੇ ਜਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ |