ਨਸਰਾਲਾ, 17 ਮਈ (ਸਤਵੰਤ ਸਿੰਘ ਥਿਆੜਾ)-ਪਿਛਲੇ ਸਮੇਂ ਤੋਂ ਲੱਗ ਰਹੇ ਕੱਟਾਂ ਤੇ ਨਿੱਤ ਦਿਨ ਹੋ ਰਹੀ ਖ਼ਰਾਬੀ ਦੇ ਕਾਰਨ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਜਿਥੇ ਪਿੰਡਾਂ ਦੇ ਲੋਕ ਅੱਤ ਦੀ ਪੈ ਰਹੀ ਗਰਮੀ ਦੇ ਕਾਰਨ ਪ੍ਰੇਸ਼ਾਨੀ ਦੇ ਆਲਮ 'ਚ ਹਨ ਤੇ ਕਿਸਾਨ ਵੀ ਆਪੋ ਆਪਣੀਆਂ ਚਿੰਤਾ ਪ੍ਰਗਟਾਉਂਦਿਆਂ ਮੋਟਰਾਂ ਜਨਰੇਟਰ ਲਾ ਕੇ ਸੁੱਕਦਿਆਂ ਫ਼ਸਲਾਂ ਨੂੰ ਬਚਾਉਣ 'ਚ ਲੱਗੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਉਪ ਮੰਡਲ ਅਫ਼ਸਰ ਪੀ. ਐੱਸ. ਪੀ. ਸੀ. ਐਲ. ਸ਼ਾਮਚੁਰਾਸੀ ਵਲੋਂ ਆਮ ਪਬਲਿਕ ਤੇ ਕਿਸਾਨ ਭਰਾਵਾਂ ਨੂੰ ਮਹਿਕਮੇ ਦੇ ਅਧਿਕਾਰੀਆਂ ਦੇ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ | ਇਸ ਮੌਕੇ ਪਿੰਡ ਪਿਆਲਾਂ, ਜਾਦੂਜੰਡਾ, ਮੇਘੋਵਾਲ ਗੰਜਿਆਂ, ਗਗਨੌਲੀ, ਹੁਸੈਨਪੁਰ, ਰਾਮੂ ਥਿਆੜਾ ਆਦਿ ਦੇ ਲੋਕਾਂ ਨੇ ਕਿਹਾ ਕਿ ਸਾਰ-ਸਾਰੀ ਰਾਤ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਉਹ ਬਹੁਤ ਪ੍ਰੇਸ਼ਾਨ ਹਨ | ਇਸੇ ਤਰ੍ਹਾਂ ਹੀ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਵੀ ਆਪਣਾ ਦੁੱਖ ਦੱਸਦਿਆਂ ਕਿਹਾ ਕਿ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਮੋਟਰਾਂ ਦੀ ਬਿਜਲੀ ਦੀ ਸਪਲਾਈ ਨਾ ਮਾਤਰ ਹੀ ਆਉਂਦੀ ਹੈ ਤੇ ਹਰਾ ਚਾਰਾ, ਕਮਾਦ, ਸਬਜ਼ੀਆਂ ਆਦਿ ਸੁੱਕਣ ਕਿਨਾਰੇ ਹਨ | ਇਸ ਮੌਕੇ ਐੱਸ. ਡੀ. ਓ. ਸ਼ਾਮਚੁਰਾਸੀ ਨੇ ਦੱਸਿਆ ਕਿ ਬਿਜਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਜਿਥੇ ਉਹ ਆਪ ਪੂਰੇ ਯਤਨਸ਼ੀਲ ਹੁੰਦੇ ਹਨ, ਉਥੇ ਹੀ ਉਨ੍ਹਾਂ ਦੇ ਸਾਥੀ ਜੇ. ਈ. ਨਿਰਮਲ ਸਿੰਘ, ਜੇ. ਈ. ਨਛੱਤਰ ਸਿੰਘ ਤੇ ਮੁਲਾਜ਼ਮ ਵਰਗ ਦੀ ਸਮੁੱਚੀ ਟੀਮ ਹਰ ਵੇਲੇ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਕਰਦੇ ਹਨ ਪਰ ਫਿਰ ਵੀ ਅਸੀਂ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ 'ਚ ਅਸਮਰਥ ਰਹਿੰਦੇ ਹਾਂ, ਜਿਸ ਦਾ ਮੇਨ ਕਾਰਨ ਬਿਜਲੀ ਦੀਆਂ ਤਾਰਾਂ ਦੇ ਨਾਲ ਲਗਦੇ ਦਰੱਖ਼ਤ ਹਨ, ਜਿਨ੍ਹਾਂ ਦੇ ਕਰਕੇ ਤਕਨੀਕੀ ਨੁਕਸ ਪੈਂਦੇ ਹਨ ਤੇ ਸਾਨੂੰ ਸਾਰਿਆਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ |