ਰਾਮਗੜ੍ਹ ਸੀਕਰੀ, 17 ਮਈ (ਕਟੋਚ)- ਇਲਾਕੇ ਦੀ ਉੱਘੀ ਸਿੱਖਿਆ ਸੰਸਥਾ ਸਰਕਾਰੀ ਪ੍ਰਾਇਮਰੀ ਸਕੂਲ ਰੇੜੂ ਪੱਤੀ ਦੀਆਂ ਵਿੱਦਿਅਕ ਉਪਲਬਧੀਆਂ ਵਿਚ ਨਿਰੰਤਰ ਵਾਧਾ ਹੁੰਦਿਆਂ ਅਤੇ ਇਸੇ ਲੜੀ ਵਿਚ ਸਕੂਲ ਦੇ ਤਿੰਨ ਹੋਣਹਾਰ ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਨਮਾਨਿਤ ਕੀਤਾ ਗਿਆ ਹੈ | ਸਕੂਲ ਪ੍ਰਮੁੱਖ ਜਸਵੀਰ ਤਲਵਾੜਾ ਨੇ ਅਜੀਤ ਨੂੰ ਦੱਸਿਆ ਕਿ ਇਸ ਸਾਲ ਪੰਜਵੀਂ ਕਲਾਸ ਦੀ ਸਲਾਨਾ ਪ੍ਰੀਖਿਆ ਵਿਚ ਸਕੂਲ ਦੇ ਤਿੰਨ ਵਿਦਿਆਰਥੀਆਂ ਮਨਨ, ਕਾਰਤਿਕੇ ਅਤੇ ਅਰੂਸ਼ ਨੇ 500/500 ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿਚ ਜਗ੍ਹਾ ਬਣਾਈ ਸੀ ਜਿਸ ਦੇ ਨਤੀਜਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਹਾਇਕ ਕਮਿਸ਼ਨਰ ਕੈਪਟਨ ਗੁਰਪ੍ਰੀਤ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਹਾਇਕ ਕਮਿਸ਼ਨਰ ਗੁਰਪ੍ਰੀਤ ਨੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੰਦਿਆਂ ਅਤੇ ਪ੍ਰੇਰਿਤ ਕਰਦਿਆਂ ਮਿਹਨਤ ਅਤੇ ਅਨੁਸ਼ਾਸਨ ਦਾ ਪੱਲਾ ਕਦੇ ਨਾਂ ਛੱਡਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਡੀ. ਈ. ਓ. (ਅ) ਮੈਡਮ ਹਰਜਿੰਦਰ ਕੌਰ ਅਤੇ ਡਿਪਟੀ ਡੀ. ਈ. ਓ (ਅ) ਹੁਸ਼ਿਆਰਪੁਰ ਨੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਉਪਲਬਧੀ ਦੀ ਬੇਮਿਸਾਲ ਮਾਰਗ ਦਰਸ਼ਨ ਅਤੇ ਸਕੂਲ ਪ੍ਰਮੁੱਖ ਜਸਵੀਰ ਤਲਵਾੜਾ ਦੀ ਸੁਚੱਜੀ ਅਗਵਾਈ ਵਿਚ ਇਸ ਸਕੂਲ ਦੀਆਂ ਵਿੱਦਿਅਕ ਅਤੇ ਖੇਡਾਂ ਵਿਚ ਬੇਮਿਸਾਲ ਉਪਲਬਧੀਆਂ ਹਨ ਜੋ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ | ਬੀ. ਐਨ. ਓ. ਅਮਿਤ ਰਾਣਾ ਨੇ ਵੀ ਸਕੂਲ ਪ੍ਰਬੰਧਕ ਦੀ ਇਸ ਉਪਲਬਧੀ ਲਈ ਜ਼ੋਰਦਾਰ ਸ਼ਲਾਘਾ ਕੀਤੀ ਸਕੂਲ ਦੇ ਮਿਹਨਤੀ ਸਟਾਫ਼ ਜਸਵੀਰ ਤਲਵਾੜਾ, ਚਮਨ ਲਾਲ, ਸੁਰੋਜ ਕੁਮਾਰੀ, ਭਵਨੇਸ਼ਵਰੀ, ਰੁਪਾਲੀ ਅਤੇ ਮਹਿਕ ਦੀ ਜ਼ੋਰਦਾਰ ਤਾਰੀਫ਼ ਵੀ ਕੀਤੀ | ਇਸ ਮੌਕੇ ਸਕੂਲ ਪ੍ਰਮੁੱਖ ਨੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਸਨਮਾਨਿਤ ਕਰਨ ਲਈ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਇਸ ਤਰ੍ਹਾਂ ਹੌਸਲਾ ਅਫਜਾਈ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ |