ਹੁਸ਼ਿਆਰਪੁਰ, 17 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਦੀ ਮੀਟਿੰਗ ਸਾਲ 2026-27 ਦੀ ਚੋਣ ਸਬੰਧੀ ਹੋਈ | ਮੀਟਿੰਗ ਦੌਰਾਨ ਪ੍ਰਧਾਨ ਦੇ ਅਹੁਦੇ ਲਈ ਲਾਇਨ ਵਿਜੇ ਅਰੋੜਾ ਦੇ ਨਾਮ ਦੀ ਪੇਸ਼ਕਸ਼ ਲਾਇਨ ਉਮੇਸ਼ ਰਾਣਾ ਵਲੋਂ ਕੀਤੀ ਗਈ, ਜਿਸ ਦਾ ਸਮਰਥਨ ਲਾਇਨ ਅਰਵਿੰਦ ਬਿੰਦਰਾ ਨੇ ਕੀਤਾ | ਮੌਜੂਦ ਮੈਂਬਰਾਂ ਨੇ ਸਰਬਸੰਮਤੀ ਨਾਲ ਲਾਇਨ ਵਿਜੇ ਅਰੋੜਾ ਨੂੰ ਸਾਲ 2026-27 ਲਈ ਕਲੱਬ ਦਾ ਪ੍ਰਧਾਨ ਚੁਣ ਲਿਆ | ਇਸ ਤੋਂ ਇਲਾਵਾ ਲਾਇਨ ਹਰਜੀਤ ਭਾਟੀਆ ਨੂੰ ਸਕੱਤਰ, ਲਾਇਨ ਅਸ਼ਵਨੀ ਦੱਤਾ ਨੂੰ ਕੈਸ਼ੀਅਰ ਅਤੇ ਲਾਇਨ ਸੰਜੀਵ ਅਰੋੜਾ ਨੂੰ ਪੀ.ਆਰ.ਓ. ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ | ਨਵ-ਨਿਯੁਕਤ ਪ੍ਰਧਾਨ ਲਾਇਨ ਵਿਜੇ ਅਰੋੜਾ ਨੇ ਸਭ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਲੱਬ ਹਮੇਸ਼ਾਂ ਸਮਾਜ ਸੇਵਾ, ਮਨੁੱਖਤਾ ਦੀ ਭਲਾਈ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਸਮਰਪਿਤ ਰਿਹਾ ਹੈ ਅਤੇ ਭਵਿੱਖ ਵਿਚ ਵੀ ਸੇਵਾ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਜਾਵੇਗਾ | ਕਲੱਬ ਦਾ ਮਕਸਦ ਕੇਵਲ ਸੇਵਾ ਕਰਨਾ ਹੀ ਨਹੀਂ, ਸਗੋਂ ਸਮਾਜ ਵਿਚ ਭਾਈਚਾਰੇ, ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਨਾ ਹੈ | ਇਸ ਮੌਕੇ ਪੀ.ਆਰ.ਓ. ਸੰਜੀਵ ਅਰੋੜਾ ਅਤੇ ਨਵ-ਨਿਯੁਕਤ ਸਕੱਤਰ ਲਾਇਨ ਹਰਜੀਤ ਭਾਟੀਆ ਨੇ ਕਿਹਾ ਕਿ ਸਾਰੇ ਮੈਂਬਰ ਟੀਮ ਭਾਵਨਾ ਨਾਲ ਕੰਮ ਕਰਦੇ ਹੋਏ ਕਲੱਬ ਦੀਆਂ ਗਤੀਵਿਧੀਆਂ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ | ਮੀਟਿੰਗ ਦੇ ਅੰਤ ਵਿਚ ਸਭ ਮੈਂਬਰਾਂ ਨੇ ਨਵ-ਚੁਣੀ ਟੀਮ ਨੂੰ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਸੁਖਵੰਤ ਸਿੰਘ, ਹਰਿਸ਼ ਚੂਗ, ਅਨਿਲ ਕੁਮਾਰ, ਸੁਖਵਿੰਦਰ ਸਿੰਘ, ਡਾ. ਰਜਿੰਦਰ ਗੁਪਤਾ, ਐਚ.ਕੇ. ਨਾਕੜਾ, ਉਮੇਸ਼ ਰਾਣਾ, ਅਰਵਿੰਦ ਬਿੰਦਰਾ, ਰਾਜੇਸ਼ ਨੰਦਾ, ਕੁਮਾਰ ਗੌਰਵ ਆਦਿ ਹਾਜ਼ਰ ਸਨ |