ਜਾਡਲਾ, 17 ਮਈ (ਹਰਕੰਵਲ ਸਿੰਘ ਕੌਲਗੜ੍ਹ)-ਫਗਵਾੜਾ ਤੋਂ ਰੂਪਨਗਰ ਤੱਕ 80 ਕਿਲੋਮੀਟਰ ਲੰਮੇ ਨੈਸ਼ਨਲ ਹਾਈਵੇ 344 ਏ 'ਤੇ ਲੋਕਾਂ ਵਲੋਂ ਆਪ-ਮੁਹਾਰੇ ਬਣਾਏ ਗਏ ਅਣ-ਅਧਿਕਾਰਤ ਕੱਟ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਹਾਈਵੇ 'ਤੇ ਥਾਂ-ਥਾਂ ਬਣੇ ਇਹ ਨਾਜਾਇਜ਼ ਰਸਤੇ ਰਾਹਗੀਰਾਂ ਲਈ ਮੌਤ ਦਾ ਖੌਫ ਬਣਦੇ ਜਾ ਰਹੇ ਹਨ | ਐਨ. ਐਚ. ਏ. ਆਈ. ਵਲੋਂ ਇਸ ਚਾਰ-ਮਾਰਗੀ ਹਾਈਵੇ ਨੂੰ ਸੁਰੱਖਿਅਤ ਤੇ ਜਾਮ-ਮੁਕਤ ਬਣਾਉਣ ਲਈ ਥਾਂ-ਥਾਂ ਫਲਾਈਓਵਰ ਤੇ ਅੰਡਰਪਾਸ ਬਣਾਏ ਗਏ ਹਨ, ਜਿਥੇ ਅਧਿਕਾਰਤ ਕੱਟ ਦਿੱਤੇ ਹਨ, ਉੱਥੇ ਸਿਗਨਲ ਤੇ ਸੂਚਕ ਬੋਰਡ ਵੀ ਲਗਾਏ ਗਏ ਹਨ | ਇਸ ਦੇ ਬਾਵਜੂਦ ਲੋਕਾਂ ਨੇ ਆਪਣੀ ਸਹੂਲਤ ਲਈ ਦਰਜਨਾਂ ਨਾਜਾਇਜ਼ ਕੱਟ ਬਣਾ ਲਏ ਹਨ | ਇਸ ਹਾਈਵੇ ਦਾ ਬਹੁਤਾ ਹਿੱਸਾ ਦੂਜੇ ਪਾਸੇ ਤੋਂ ਉੱਚਾ ਹੈ | ਜਦੋਂ ਦੋ-ਪਹੀਆ ਵਾਹਨ ਚਾਲਕ ਆਪ-ਮੁਹਾਰੇ ਬਣਾਏ ਕੱਟਾਂ ਤੋਂ ਉੱਪਰ ਤੋਂ ਹੇਠਾਂ ਉਤਰਦੇ ਹਨ ਤਾਂ ਕਈ ਵਾਰ ਸੰਤੁਲਨ ਵਿਗੜਨ ਕਾਰਨ ਹਾਦਸਾਗ੍ਰਸਤ ਹੋ ਜਾਂਦੇ ਹਨ | ਦੂਜੇ ਪਾਸੇ, ਹਾਈਵੇ 'ਤੇ 80-100 ਦੀ ਰਫ਼ਤਾਰ ਨਾਲ ਆ ਰਹੇ ਵਾਹਨ ਚਾਲਕਾਂ ਦੇ ਸਾਹਮਣੇ ਅਚਾਨਕ ਕੋਈ ਟਰੈਕਟਰ, ਮੋਟਰਸਾਈਕਲ ਜਾਂ ਰੇਹੜੀ ਆ ਜਾਣ 'ਤੇ ਗੱਡੀ ਨੂੰ ਰੋਕਣਾ ਬੇਕਾਬੂ ਹੋ ਜਾਂਦਾ ਹੈ | 200 ਮੀਟਰ ਦਾ ਪੈਂਡਾ ਬਚਾਉਣ ਲਈ ਲੋਕ ਆਪਣੀ ਤੇ ਦੂਜਿਆਂ ਦੀ ਜਾਨ ਖ਼ਤਰੇ 'ਚ ਪਾ ਰਹੇ ਹਨ | ਇਨ੍ਹਾਂ ਅਣ-ਅਧਿਕਾਰਤ ਕੱਟਾਂ 'ਤੇ ਕੋਈ ਸਿਗਨਲ ਜਾਂ ਚਿਤਾਵਨੀ ਬੋਰਡ ਨਹੀਂ ਹਨ, ਕਿਉਂਕਿ ਇਹ ਵਿਭਾਗ ਵਲੋਂ ਮਨਜ਼ੂਰਸ਼ੁਦਾ ਨਹੀਂ ਹਨ | ਰਾਤ ਵੇਲੇ ਤਾਂ ਇਹ ਕੱਟ ਮੌਤ ਦਾ ਜਾਲ ਬਣ ਜਾਂਦੇ ਹਨ | ਨਾ ਕੋਈ ਰਿਫਲੈਕਟਰ, ਨਾ ਰੋਸ਼ਨੀ | ਤੇਜ਼ ਰਫ਼ਤਾਰ ਗੱਡੀਆਂ ਅਚਾਨਕ ਕੱਟ 'ਚੋਂ ਨਿਕਲਦੇ ਵਾਹਨ ਨਾਲ ਟਕਰਾ ਜਾਂਦੀਆਂ ਹਨ | ਐਨ. ਐਚ. ਏ. ਆਈ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕੱਟ ਬੰਦ ਕਰਦੇ ਹਨ, ਪਰ ਲੋਕ ਰਾਤੋ-ਰਾਤ ਡਿਵਾਈਡਰ ਤੋੜ ਕੇ ਫਿਰ ਰਸਤਾ ਬਣਾ ਲੈਂਦੇ ਹਨ | ਅਸੀਂ ਕਈ ਥਾਵਾਂ 'ਤੇ ਰੋਕਾਂ ਲਗਾਈਆਂ, ਪਰ ਲੋਕਾਂ ਨੇ ਉਹ ਰੋਕਾਂ ਵੀ ਹਟਾ ਦਿੱਤੀਆਂ | ਪਿਛਲੇ ਕੁੱਝ ਮਹੀਨਿਆਂ 'ਚ ਇਸ ਹਾਈਵੇ 'ਤੇ ਦਰਜਨਾਂ ਹਾਦਸੇ ਵਾਪਰ ਚੁੱਕੇ ਹਨ | ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ | ਸਮਾਜ ਸੇਵੀ ਸੰਸਥਾਵਾਂ ਤੇ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਐਨ.ਐਚ. 344-ਏ 'ਤੇ ਸਾਰੇ ਅਣ-ਅਧਿਕਾਰਤ ਕੱਟ ਤੁਰੰਤ ਬੰਦ ਕੀਤੇ ਜਾਣ ਤੇ ਸੀ. ਸੀ. ਟੀ. ਵੀ. ਲਗਾ ਕੇ ਨਿਗਰਾਨੀ ਰੱਖੀ ਜਾਵੇ ਨਾਲ ਹੀ ਲੋਕਾਂ ਦੀ ਮੰਗ 'ਤੇ ਜਿਥੇ ਜ਼ਰੂਰੀ ਹੋਵੇ, ਸਰਵੇ ਕਰਕੇ ਅਧਿਕਾਰਤ ਕੱਟ ਜਾਂ ਅੰਡਰਪਾਸ ਬਣਾਏ ਜਾਣ | ਡਿਵਾਈਡਰ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਾਨ-ਮਾਲ ਦਾ ਨੁਕਸਾਨ ਰੋਕਿਆ ਜਾ ਸਕੇ ਤੇ ਹਾਈਵੇ ਨੂੰ ਸੱਚਮੁੱਚ ਸੁਰੱਖਿਅਤ ਬਣਾਇਆ ਜਾ ਸਕੇ |