ਰੱਤੇਵਾਲ, 17 ਮਈ (ਅਸ਼ੋਕ ਕੁਮਾਰ ਲੀਲ)-ਪ੍ਰੈੱਸ ਐਂਡ ਵੈੱਲਫੇਅਰ ਕਲੱਬ ਰਜਿਸਟਰਡ ਕਾਠਗੜ੍ਹ ਦੀ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਕਮਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਚੇਅਰਮੈਨ ਸੁਖਦੇਵ ਸਿੰਘ ਪਨੇਸਰ ਨੇ ਕਲੱਬ ਵਿਚ ਸ਼ਾਮਿਲ ਹੋਏ ਨਵੇਂ ਪੱਤਰਕਾਰ ਕੁਲਵਿੰਦਰ ਦੁਰਗਾਪੁਰੀ ਨੂੰ ਜੀ ਆਇਆਂ ਕਿਹਾ ਅਤੇ ਆਪਣੇ ਪ੍ਰੈੱਸ ਕਲੱਬ ਦੀ ਵਿਸ਼ੇਸ਼ਤਾ ਸੰਬੰਧੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਕਾਠਗੜ੍ਹ ਤੇ ਬਲਾਚੌਰ ਵਿਚ ਸਮੂਹ ਪੱਤਰਕਾਰ ਭਾਈਚਾਰੇ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਕੰਮ ਕੀਤੇ ਜਾਣਗੇ | ਬਲਾਚੌਰ ਵਿਚ ਜਿੰਨੇ ਵੀ ਪ੍ਰੈੱਸ ਕਲੱਬ ਹਨ ਸਾਰੇ ਸਤਿਕਾਰਯੋਗ ਹਨ | ਸਾਨੂੰ ਸਾਰਿਆਂ ਨੂੰ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਦੀ ਲੋੜ ਹੈ ਇਸ ਨਾਲ ਹੀ ਸਮਾਜ ਵਿਚ ਪੱਤਰਕਾਰਾਂ ਦਾ ਮਾਣ ਸਨਮਾਨ ਹੋਵੇਗਾ | ਮੀਟਿੰਗ ਵਿਚ ਕਲੱਬ ਦੇ ਅਹੁਦੇਦਾਰ ਮੈਂਬਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ | ਕਲੱਬ ਪ੍ਰਧਾਨ ਕਮਲ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਿਰਪੱਖਤਾ ਨਾਲ ਪੱਤਰਕਾਰੀ ਕਰਨੀ ਚਾਹੀਦੀ ਹੈ | ਪੱਤਰਕਾਰਾਂ ਨੂੰ ਸਮਾਜ ਦੀਆਂ ਮੁਸ਼ਕਿਲਾਂ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਲਈ ਬੇਝਿਜਕ ਹੋ ਕੇ ਪੱਤਰਕਾਰੀ ਕਰਨੀ ਚਾਹੀਦੀ ਹੈ | ਇਲਾਕੇ ਵਿਚ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ | ਆਪਣੇ ਪੱਤਰਕਾਰ ਭਾਈਚਾਰੇ ਵਿਚ ਆਪਸੀ ਪਿਆਰ ਤੇ ਇਕਜੁੱਟ ਹੋ ਕੇ ਰਹਿਣ ਦੀ ਵੀ ਅਪੀਲ ਕੀਤੀ | ਉਨ੍ਹਾਂ ਇਹ ਵੀ ਕਿਹਾ ਕਿ ਇਸ ਕਲੱਬ ਦੀ ਮਹੀਨਾਵਾਰ ਮੀਟਿੰਗ ਕੀਤੀ ਜਾਇਆ ਕਰੇਗੀ | ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਕੁਮਾਰ ਲੀਲ, ਮੀਤ ਪ੍ਰਧਾਨ ਜਸਵਿੰਦਰ ਮਜਾਰਾ, ਜਨਰਲ ਸਕੱਤਰ ਅਵਤਾਰ ਸਿੰਘ ਧੀਮਾਨ, ਮੁੱਖ ਸਲਾਹਕਾਰ ਸੁਰਜੀਤ ਸਿੰਘ ਕੰਗਣਾ ਬੇਟ, ਕੁਲਵਿੰਦਰ ਦੁਰਗਾਪੁਰੀ ਨੇ ਵੀ ਵਿਚਾਰ ਸਾਂਝੇ ਕੀਤੇ ਅਤੇ ਪ੍ਰਧਾਨ ਕਮਲ ਸ਼ਰਮਾ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਆਪਣੇ ਕਲੱਬ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ | ਅਖੀਰ ਵਿਚ ਚੇਅਰਮੈਨ ਸੁਖਦੇਵ ਸਿੰਘ ਪਨੇਸਰ ਨੇ ਸਾਰੇ ਅਹੁਦੇਦਾਰ ਪੱਤਰਕਾਰ ਭਰਾਵਾਂ ਦਾ ਦਿਲੋਂ ਧੰਨਵਾਦ ਕੀਤਾ |