ਹਾਜੀਪੁਰ, 18 ਮਈ (ਪੁਨੀਤ ਭਾਰਦਵਾਜ)-ਹਾਜੀਪੁਰ ਖੇਤਰ ਦੀਆਂ ਸੜਕਾਂ ਦੀ ਹਾਲਤ ਜਗ ਜ਼ਾਹਿਰ ਹੀ ਹੈ | ਖਸਤਾ ਹਾਲ ਸੜਕਾਂ ਦੇ ਕਾਰਨ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖੇਤਰ ਦੀ ਇਕ ਅੱਧੀ ਸੜਕ ਨੂੰ ਛੱਡ ਕੇ ਸਾਰੀਆਂ ਸੜਕਾਂ ਲੋਕਾਂ ਦੇ ਵਾਸਤੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ | ਜੇ ਅਸੀਂ ਗੱਲ ਕਰੀਏ ਹਾਜੀਪੁਰ ਤੋਂ ਸਵਾਰ ਰੋਡ ਦੀ ਤੇ ਇਸ ਸੜਕ ਨੂੰ ਬਣਾਉਣ ਦੇ ਵਾਸਤੇ ਕੁੱਝ ਮਹੀਨੇ ਪਹਿਲਾਂ ਬਜਰੀ ਤੇ ਮਿੱਟੀ ਦਾ ਬੈੱਡ ਤਾਂ ਬਣਾ ਦਿੱਤਾ ਗਿਆ ਪਰ ਇਸ ਸੜਕ 'ਤੇ ਲੁੱਕ ਦੀ ਬਾਰੀ ਅਜੇ ਤੱਕ ਨਹੀਂ ਆਈ ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ | ਇਸੇ ਤਰ੍ਹਾਂ ਹੀ ਹਾਜੀਪੁਰ ਤੋਂ ਸਰਿਆਣਾ ਸੜਕ, ਪਿੰਡ ਸੰਧਵਾਲ ਤੋਂ ਹਾਜੀਪੁਰ ਮਾਨਸਰ ਰੋਡ ਨੂੰ ਜਾਂਦੀ ਸੜਕ 'ਤੇ ਇਹ ਵੀ ਬਜ਼ਰਾ ਮਿੱਟੀ ਪਾ ਕੇ ਬੈੱਡ ਤਾਂ ਬਣਾ ਦਿੱਤਾ ਗਿਆ ਪਰ ਲੁੱਕ ਪਾਣ ਦਾ ਕੰਮ ਇਥੇ ਵੀ ਸ਼ੁਰੂ ਨਾ ਹੋ ਸਕਿਆ | ਉਕਤ ਸੜਕਾਂ 'ਤੇ ਬਣੀ ਬਜ਼ਰੀ ਉੱਖੜ ਗਈ ਹੈ ਅਤੇ ਉਹ ਗੱਡੀਆਂ ਦੇ ਟਾਇਰਾਂ ਹੇਠਾਂ ਨਿਕਲ ਕੇ ਹਾਦਸਿਆਂ ਨੂੰ ਨਿਉਤਾ ਦੇ ਰਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਹ ਸੜਕਾਂ ਦਾ ਕੰਮ ਸ਼ੁਰੂ ਹੋਇਆ ਸੀ ਤੇ ਸਾਨੂੰ ਉਮੀਦ ਜਾਗੀ ਸੀ ਕਿ ਜਲਦੀ ਹੀ ਖਸਤਾ ਹਾਲ ਸੜਕਾਂ ਤੋਂ ਸਾਨੂੰ ਰਾਹਤ ਮਿਲ ਜਾਵੇਗੀ ਪਰ ਬਜਰੀ ਮਿੱਟੀ ਪਾਉਣ ਤੋਂ ਬਾਅਦ ਕੋਈ ਮੁੜ ਕੇ ਪਰਤਿਆ ਹੀ ਨਹੀਂ |