ਦਸੂਹਾ, 18 ਮਈ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜੀਏਟ ਸਕੂਲ ਦਸੂਹਾ ਵਿਖੇ ਸਕੂਲ ਵਿੰਗ ਦੇ ਇੰਚਾਰਜ ਮੈਡਮ ਪ੍ਰੋ. ਨਿਵੇਦਿਕਾ ਦੀ ਅਗਵਾਈ ਹੇਠ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਸਮਾਗਮ ਕਰਵਾਇਆ | ਇਸ ਵਿਸ਼ੇਸ਼ ਸਮਾਗਮ 'ਚ ਕਾਲਜ ਪਿ੍ੰਸੀਪਲ ਪ੍ਰੋ. ਰਾਕੇਸ਼ ਕੁਮਾਰ ਮਹਾਜਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਤੌਰ 'ਤੇ ਸ਼ਮ੍ਹਾ ਰੌਸ਼ਨ ਕਰਕੇ ਤੇ ਪਵਿੱਤਰ ਸ਼ਬਦ ਗਾਇਣ ਨਾਲ ਹੋਈ | ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਨੇ ਨਾਚ, ਗੀਤ ਤੇ ਦਿਲਚਸਪ ਖੇਡਾਂ ਰਾਹੀਂ ਸਾਡੇ ਅਮੀਰ ਵਿਰਸੇ ਅਤੇ ਸਭਿਆਚਾਰਕ ਮਹੱਤਵ ਨੂੰ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕੀਤਾ | ਪਿ੍ੰਸੀਪਲ ਪ੍ਰੋ. ਰਾਕੇਸ਼ ਕੁਮਾਰ ਮਹਾਜਨ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਆਖਿਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਾਲਜੀਏਟ ਸਕੂਲ ਦੇ ਅਮੀਰ ਇਤਿਹਾਸ, ਵਿਰਸੇ ਤੇ ਸ਼ਾਨਦਾਰ ਅਕਾਦਮਿਕ ਰਿਕਾਰਡਾਂ ਬਾਰੇ ਜਾਣੰੂ ਕਰਵਾਇਆ ਅਤੇ ਉਨ੍ਹਾਂ ਨੂੰ ਉੱਜਵਲ ਭਵਿੱਖ ਲਈ ਪ੍ਰੇਰਿਤ ਕੀਤਾ | ਸਕੂਲ ਇੰਚਾਰਜ ਪ੍ਰੋ. ਨਿਵੇਦਿਕਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦੇ ਇਕ ਨਵੇਂ ਪੜਾਅ ਦੀ ਸ਼ੁਰੂਆਤ ਹੈ | ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਟੀਚਿਆਂ ਪ੍ਰਤੀ ਕੇਂਦਰਿਤ ਰਹਿਣ ਦੀ ਸਲਾਹ ਦਿੱਤੀ | ਕਾਲਜ ਰਜਿਸਟਰਾਰ ਡਾ. ਅਮਿੱਤ ਸ਼ਰਮਾ ਨੇ ਵੀ ਨਵੇਂ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸਮਾਗਮ ਦੌਰਾਨ ਕਰਵਾਈਆਂ ਗਈਆਂ ਵੱਖ-ਵੱਖ ਪ੍ਰਤੀਯੋਗਤਾਵਾਂ ਦੇ ਆਧਾਰ 'ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਦੌਰਾਨ 11ਵੀਂ ਜਮਾਤ ਦੇ ਇਕ ਹੋਣਹਾਰ ਵਿਦਿਆਰਥੀ ਸੁਸ਼ਾਂਤ ਯਾਦਵ ਨੂੰ 'ਮਿਸਟਰ ਵੈੱਲਕਮ' ਤੇ ਵਿਦਿਆਰਥਣ ਕਾਵਿਆ ਨੂੰ ਮਿਸ ਵੈੱਲਕਮ ਚੁਣਿਆ ਗਿਆ | ਸਟੇਜ ਸੰਚਾਲਨ ਦਾ ਕਾਰਜ 12ਵੀਂ ਕਲਾਸ ਦੇ ਵਿਦਿਆਰਥੀਆਂ ਇਸ਼ਾਂਤ ਸ਼ਰਮਾ ਤੇ ਹਰਸ਼ ਰੱਤੀ ਨੇ ਬਾਖ਼ੂਬੀ ਕੀਤਾ | ਇਸ ਮੌਕੇ ਸਕੂਲ ਦੇ ਵੱਖ-ਵੱਖ ਅਧਿਆਪਨ ਵਿਭਾਗਾਂ ਦੇ ਸਟਾਫ਼ ਮੈਂਬਰ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |