ਟਾਂਡਾ ਉੜਮੁੜ, 4 ਜੂਨ (ਦੀਪਕ ਬਹਿਲ)-ਡਿਪਸ ਕਾਲਜ ਆਫ਼ ਐਜੂਕੇਸ਼ਨ ਰੜਾ ਮੋੜ ਜਲਾਲਪੁਰ ਨੇ ਬੀ. ਐੱਡ ਪਹਿਲੇ ਸਮੈਸਟਰ ਦੇ ਨਤੀਜੇ 'ਚ ਸੌ ਫ਼ੀਸਦੀ ਨਤੀਜਾ ਦਰਜ ਕਰਕੇ ਇਕ ਹੋਰ ਸ਼ਾਨਦਾਰ ਉਪਲਬਧੀ ਹਾਸਿਲ ਕੀਤੀ ਹੈ | ਪੰਜਾਬ ਯੂਨੀਵਰਸਿਟੀ ਵਲੋਂ ਘੋਸ਼ਿਤ ਬੀ. ਐੱਡ ਪਹਿਲੇ ਸਮੈਸਟਰ ਦੇ ਨਤੀਜੇ 'ਚ ਡਿਪਸ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਕਾਲਜ ਦੀ ਵਿਦਿਆਰਥਣ ਕੁਲਵਿੰਦਰ ਕੌਰ ਨੇ 85 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਮੁਸਕਾਨ ਸੈਣੀ ਨੇ 84 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਹਰਪ੍ਰੀਤ ਕੌਰ, ਜੈਸਮੀਨ ਕੌਰ ਤੇ ਪ੍ਰਜਵਲ ਨੇ 83 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਿਲ ਕੀਤਾ | ਕਾਲਜ ਦੇ ਪਿ੍ੰਸੀਪਲ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ, ਲਗਨ ਅਤੇ ਅਨੁਸ਼ਾਸਨ ਨੇ ਇਹ ਸਫਲਤਾ ਸੰਭਵ ਬਣਾਈ ਹੈ | ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰਾਂ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਅੰਤ 'ਚ ਡਿਪਸ ਮੈਨੇਜਮੈਂਟ ਵਲੋਂ ਐਮ. ਡੀ. ਤਰਵਿੰਦਰ ਸਿੰਘ, ਸੀ. ਏ. ਓ. ਰਮਨੀਕ ਸਿੰਘ, ਸੀ. ਈ. ਓ. ਮੋਨਿਕਾ ਮੰਡੋਤਰਾ ਤੇ ਜਨਰਲ ਮੈਨੇਜਰ ਰਾਜੀਵ ਸ਼ਰਮਾ ਨੇ ਸਫਲ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |