ਚੱਬੇਵਾਲ, 4 ਜੂਨ (ਰਾਜੀਵ ਭਾਰਦਵਾਜ)-ਇਕ ਪ੍ਰਵਾਸੀ ਮਜ਼ਦੂਰ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਰੂਪ 'ਚ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਥਾਣਾ ਚੱਬੇਵਾਲ 'ਚ ਸੁਣਵਾਈ ਨਹੀਂ ਹੋ ਰਹੀ, ਜਦਕਿ ਪੰਚਾਇਤ ਨੇ ਵੀ ਪ੍ਰਵਾਸੀ ਮਜ਼ਦੂਰ ਦੇ ਹੱਕ ਵਿਚ ਸ਼ਿਕਾਇਤ 'ਤੇ ਮੋਹਰ ਲਗਾ ਕੇ ਦਿੱਤੀ ਸੀ | ਜਾਣਕਾਰੀ ਅਨੁਸਾਰ ਲਾਲੂ ਪੁੱਤਰ ਦੇਸ਼ਪਾਲ (ਉੱਤਰ ਪ੍ਰਦੇਸ਼) ਹਾਲ ਵਾਸੀ ਪਿੰਡ ਬੰਬੇਲੀ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਗੁਹਾਰ ਲਗਾਈ ਹੈ ਕਿ 10 ਮਈ ਨੂੰ ਸੁਖਦੇਵ ਸਿੰਘ ਵਾਸੀ ਜੈਤਪੁਰ ਨੇ ਉਸ ਪਾਸੋਂ ਕੁੱਟਮਾਰ ਕਰਕੇ ਦਸ ਹਜ਼ਾਰ ਰੁਪਏ ਤੇ ਏ. ਟੀ. ਐਮ. ਕਾਰਡ ਖੋਹ ਲਏ | ਉਸ ਨੇ ਸ਼ਿਕਾਇਤ 'ਚ ਲਿਖਿਆ ਕਿ ਉਸ ਨੇ ਪਿੰਡ ਜੈਤਪੁਰ ਦੀ ਪੰਚਾਇਤ ਨੂੰ ਇਸ ਸੰਬੰਧੀ ਲਿਖਤੀ ਸ਼ਿਕਾਇਤ ਕੀਤੀ ਅਤੇ ਪੰਚਾਇਤ ਨੇ ਚੌਕੀਦਾਰ ਕੋਲ ਸੁਨੇਹਾ ਭੇਜ ਕੇ ਉਸ ਨੂੰ ਬੁਲਾਇਆ, ਪਰ ਉਹ ਪੰਚਾਇਤ 'ਚ ਨਹੀਂ ਆਇਆ | ਉਸ ਤੋਂ ਬਾਅਦ ਉਸ ਨੇ ਪੰਚਾਇਤ ਤੋਂ ਮੋਹਰ ਲਗਵਾ ਕੇ ਥਾਣਾ ਚੱਬੇਵਾਲ 'ਚ ਲਿਖਤੀ ਸ਼ਿਕਾਇਤ ਕਰ ਦਿੱਤੀ | ਉਸ ਨੇ ਦੱਸਿਆ ਥਾਣਾ ਚੱਬੇਵਾਲ ਦੇ ਵਾਰ-ਵਾਰ ਚੱਕਰ ਕੱਟਣ ਦੇ ਬਾਵਜੂਦ ਵੀ ਉਸ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਉਸ ਨੇ ਇਨਸਾਫ਼ ਦੀ ਆਸ 'ਚ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਰੂਪ 'ਚ ਸ਼ਿਕਾਇਤ ਕੀਤੀ ਹੈ | ਇਸ ਸੰਬੰਧੀ ਪਿੰਡ ਜੈਤਪੁਰ ਦੀ ਸਰਪੰਚ ਬਲਜੀਤ ਕੌਰ ਨੇ ਦੱਸਿਆ ਕਿ ਲਾਲੂ ਵਾਸੀ ਬੰਬੇਲੀ ਦੀ ਸ਼ਿਕਾਇਤ ਨੂੰ ਮੁੱਖ ਰੱਖਦੇ ਪੰਚਾਇਤ ਵਲੋਂ ਸੁਖਦੇਵ ਸਿੰਘ ਨੂੰ ਚੌਕੀਦਾਰ ਕੋਲ ਸੁਨੇਹਾ ਭੇਜਿਆ ਸੀ, ਪਰ ਉਸ ਨੇ ਪੰਚਾਇਤ 'ਚ ਆਉਣ ਤੋਂ ਮਨਾ ਕਰਨ ਦਿੱਤਾ ਅਤੇ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ | ਇਸ ਸੰਬੰਧੀ ਚੱਬੇਵਾਲ ਥਾਣੇ ਦੇ ਇੰਚਾਰਜ ਹਰਜੀਤ ਸਿੰਘ ਨੇ ਕਿਹਾ ਕਿ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਤੇ ਅੱਜ ਹੀ ਸ਼ਾਮ ਨੂੰ ਦੋਸ਼ੀ ਨੂੰ ਬੁਲਾਇਆ ਜਾਵੇਗਾ | ਸੁਖਦੇਵ ਸਿੰਘ ਨੂੰ ਵਾਰ-ਵਾਰ ਫ਼ੋਨ ਕਰਨ 'ਤੇ ਵੀ ਉਸ ਨੇ ਫ਼ੋਨ ਨਹੀਂ ਚੁੱਕਿਆ |