ਹਾਜੀਪੁਰ, 7 ਜੂਨ (ਜੋਗਿੰਦਰ ਸਿੰਘ)-ਇਕ ਪਾਸੇ ਸਰਕਾਰ ਗਊ ਰੱਖਿਆ ਦੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਹਨ ਤੇ ਜਨਤਾ ਤੋਂ ਗਊ ਸੈਸ ਦੇ ਰੂਪ 'ਚ ਕਰੋੜਾਂ ਰੁਪਏ ਵਸੂਲ ਰਹੇ ਹਨ ਤੇ ਦੂਸਰੇ ਪਾਸੇ ਸੜਕਾਂ 'ਤੇ ਘੁੰਮ ਰਹੀਆਂ ਗਊਆਂ ਕੂੜੇ ਦੇ ਢੇਰਾਂ 'ਤੇ ਆਪਣਾ ਪੇਟ ਭਰਨ ਲਈ ਮਜਬੂਰ ਹਨ | ਹਰ ਸਾਲ ਕਰੋੜਾਂ ਰੁਪਏ ਦਾ ਮਾਲੀਆ ਗਊ ਸੈਸ ਦੇ ਰੂਪ 'ਚ ਸਰਕਾਰੀ ਖ਼ਜ਼ਾਨੇ ਵਿਚ ਪਹੁੰਚਦਾ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕਸਬਿਆਂ, ਪਿੰਡਾਂ ਵਿਚ ਬੇਸਹਾਰਾ ਗਊਆਂ ਦੇ ਝੁੰਡ ਆਮ ਵੇਖੇ ਜਾ ਸਕਦੇ ਹਨ ਜੋ ਪਲਾਸਟਿਕ ਦੀਆਂ ਥੈਲੀਆਂ ਤੇ ਕੂੜਾ ਖਾ ਕੇ ਆਪਣਾ ਪੇਟ ਭਰਦੇ ਹਨ | ਰਾਤ ਦੇ ਸਮੇਂ ਇਹ ਬੇਸਹਾਰਾ ਪਸ਼ੂ ਸੜਕਾਂ 'ਤੇ ਬੈਠੇ ਦਿਖਾਈ ਦਿੰਦੇ ਹਨ ਜੋ ਹਾਦਸਿਆਂ ਦਾ ਕਾਰਨ ਬਣਦੇ ਹਨ ਤੇ ਕਈ ਲੋਕ, ਇਨ੍ਹਾਂ ਹਾਦਸਿਆਂ ਵਿਚ ਆਪਣੀ ਜਾਨ ਵੀ ਗੁਆ ਬੈਠਦੇ ਹਨ | ਦਿਨ ਵੇਲੇ ਬੇਸਹਾਰਾ ਪਸ਼ੂ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰਦੇ ਹਨ, ਜਿਸ ਕਰਕੇ ਕਿਸਾਨਾਂ ਵਿਚ ਸਰਕਾਰੀ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਐਡਵੋਕੇਟ ਕੇਵਲ ਸਿੰਘ ਗੇਰਾ, ਸਰਪੰਚ ਗੇਰਾ ਗੁਰਦੀਪ ਸਿੰਘ, ਸਮਾਜ ਸੇਵਕ ਦਵਿੰਦਰ ਸਿੰਘ, ਰਜੇਸ਼ ਕੁਮਾਰ ਹਾਜੀਪੁਰ ਦਾ ਕਹਿਣਾ ਹੈ ਕਿ ਸਰਕਾਰੀ ਨੂੰ ਗਊ ਸੈਸ ਦੁਆਰਾ ਇਕੱਠੀ ਕੀਤੀ ਗਈ ਰਾਸ਼ੀ ਗਊ ਵੰਸ਼ ਦੀ ਦੇਖਭਾਲ ਲਈ ਸਿੱਧਾ ਗਊਸ਼ਾਲਾ ਨੂੰ ਜਾਰੀ ਕਰਨਾ ਚਾਹੀਦਾ ਹੈ ਤੇ ਬਲਾਕ ਪੱਧਰ 'ਤੇ ਗਊ ਸ਼ਲਾਵਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ ਤੇ ਗਊਆਂ ਛੱਡਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ |