ਦਸੂਹਾ, 7 ਜੂਨ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਕਾਲਜ ਦੇ ਪਿ੍ੰਸੀਪਲ ਪ੍ਰੋ. ਰਾਕੇਸ਼ ਕੁਮਾਰ ਮਹਾਜਨ, ਐਨ. ਐਸ. ਐਸ. ਪ੍ਰੋਗਰਾਮ ਅਫਸਰ ਡਾ. ਨਰਿੰਦਰਜੀਤ ਸਿੰਘ ਤੇ ਡਾ. ਅਨੂੰ ਬਜਾਜ ਦੀ ਨਿਗਰਾਨੀ ਹੇਠ ਮਨਾਇਆ | ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਵਾਤਾਵਰਨ ਨੂੰ ਸਾਫ-ਸੁਥਰਾ ਤੇ ਸੁਰੱਖਿਅਤ ਰੱਖਣਾ ਸੀ | ਕਾਲਜ ਦੇ ਪਿ੍ੰਸੀਪਲ ਪ੍ਰੋ. ਰਾਕੇਸ਼ ਕੁਮਾਰ ਮਹਾਜਨ ਦੁਆਰਾ ਇਸ ਦਿਵਸ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਹੋਇਆਂ ਕਿਹਾ ਗਿਆ ਹੈ ਕਿ ਅੱਜ ਪੂਰਾ ਸੰਸਾਰ ਗਲੋਬਲ ਵਾਰਮਿੰਗ ਦੇ ਪ੍ਰਭਾਵ ਤੋਂ ਗ੍ਰਸਤ ਹੈ | ਇਸ ਗਲੋਬਲ ਵਾਰਮਿੰਗ ਦੇ ਪ੍ਰਭਾਵ ਨੂੰ ਘੱਟ ਕਰਨ ਦਾ ਇੱਕੋ-ਇਕ ਤਰੀਕਾ ਵੱਧ ਤੋਂ ਵੱਧ ਬੂਟੇ ਲਗਾਉਣਾ ਹੈ | ਉਨ੍ਹਾਂ ਨੇ ਸਮੂਹ ਸਟਾਫ ਮੈਬਰਾਂ ਤੇ ਵਲੰਟੀਅਰਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ | ਐਨ. ਐਸ. ਐਸ. ਪ੍ਰੋਗਰਾਮ ਅਫਸਰ ਡਾ. ਨਰਿੰਦਰਜੀਤ ਸਿੰਘ ਦੁਆਰਾ ਸਮੂਹ ਵਲੰਟੀਅਰਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਗਿਆ ਹੈ ਕਿ ਸਾਡੀ ਜ਼ਿੰਮੇਵਾਰੀ ਸਿਰਫ ਬੂਟੇ ਲਗਾਉਣ ਤੱਕ ਹੀ ਸੀਮਿਤ ਨਹੀਂ ਸਗੋਂ ਉਨ੍ਹਾਂ ਦੀ ਉਚਿਤ ਸਾਂਭ-ਸੰਭਾਲ ਅਤੇ ਹਰ ਆਫਤ ਤੋਂ ਬਚਾਉਣ ਤੱਕ ਦੀ ਬਣਦੀ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਜੜ੍ਹੀ-ਬੂਟਿਆਂ ਵਾਲੇ ਪੌਦਿਆ ਨੂੰ ਆਯੁਰਵੈਦਿਕ ਸਾਇੰਸ ਨਾਲ ਜੋੜਦਿਆਂ ਹੋਇਆਂ ਘਰਾਂ ਵਿਚ ਮੈਡੀਕਲ ਪੌਦੇ ਲਗਾਉਣ 'ਤੇ ਜੋਰ ਦਿੱਤਾ | ਇਸ ਮੌਕੇ ਕਾਲਜ ਦੇ ਬਗੀਚਿਆਂ ਵਿਚ ਵੱਖ-ਵੱਖ ਪ੍ਰਕਾਰ ਦੇ 20 ਬੂਟੇ ਵੀ ਲਗਾਏ ਗਏ |