ਗੜ੍ਹਦੀਵਾਲਾ, 9 ਜੂਨ (ਚੱਗਰ)-ਬਾਬਾ ਹਰਨਾਮ ਸਿੰਘ ਭੱਟੀਆਂ ਦੀ 112ਵੀਂ ਬਰਸੀ ਉਨ੍ਹਾਂ ਦੀ ਯਾਦ 'ਚ ਬਣੇ ਗੁਰਦੁਆਰਾ ਸਾਹਿਬ ਨਜ਼ਦੀਕ ਪਿੰਡ ਭੱਟੀਆਂ ਦੀ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਨਾਲ ਮਨਾਈ ਗਈ | ਜਿਸ ਦੌਰਾਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰ ਕੇ ਬਾਬਾ ਹਰਨਾਮ ਸਿੰਘ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ 28 ਮਈ ਤੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਅੰਦਰ ਸਜਾਏ ਗਏ ਦੀਵਾਨ ਵਿਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਅਰਵਿੰਦਰ ਸਿੰਘ ਨੂਰ, ਭਾਈ ਦਵਿੰਦਰ ਸਿੰਘ ਬਟਾਲਾ, ਭਾਈ ਸੁਰਿੰਦਰ ਸਿੰਘ ਤੇ ਭਾਈ ਨਛੱਤਰ ਸਿੰਘ ਸਾਰੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਸਤਵਿੰਦਰ ਸਿੰਘ ਨੰਗਲ ਖੂੰਗਾ, ਭਾਈ ਹਰਭਜਨ ਸਿੰਘ ਸੋਤਲਾ, ਭਾਈ ਇੰਦਰਜੀਤ ਸਿੰਘ ਮਿਰਜ਼ਾਪੁਰ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਸਫਲਤਾ ਲਈ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੌਰਾਨ ਭਾਈ ਅਮਰੀਕ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਸੁਚੱਜੇ ਢੰਗ ਨਾਲ ਨਿਭਾਈ | ਇਸ ਮੌਕੇ ਯੁਵਕ ਸੇਵਾਵਾਂ ਕਲੱਬ ਪਿੰਡ ਭੱਟੀਆਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ, ਖ਼ੂਨਦਾਨ ਕੈਂਪ ਅਤੇ ਇੱਕ ਰੁੱਖ ਸੌ ਸੁੱਖ ਦੇ ਮਨਸ਼ੇ ਅਨੁਸਾਰ ਬੂਟਿਆਂ ਦਾ ਲੰਗਰ ਲਾਇਆ ਗਿਆ ਜਿਸ ਦਾ ਉਦਘਾਟਨ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵਲੋਂ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ |