ਹੁਸ਼ਿਆਰਪੁਰ, 9 ਜੂਨ (ਬਲਜਿੰਦਰਪਾਲ ਸਿੰਘ)-ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਆਗੂ ਤੀਕਸ਼ਣ ਸੂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੋਟਾਂ ਚੋਰੀ ਕਰਕੇ ਨਗਰ ਨਿਗਮ ਦੀਆਂ ਚੋਣਾਂ ਨੂੰ ਜਿੱਤਣਾ ਚਾਹੁੰਦੀ ਹੈ | ਉਨ੍ਹਾਂ ਵੋਟਾਂ ਦੀ ਚੋਰੀ ਸੰਬੰਧੀ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਾਰਡਬੰਦੀ ਤੋਂ ਲੈ ਕੇ ਵੋਟਾਂ ਬਣਾਉਣ ਤੱਕ ਦੀ ਸਾਰੀ ਕਾਰਵਾਈ ਗੈਰ ਕਾਨੂੰਨੀ ਹੈ | ਨਾ ਤਾਂ ਨਵੀਂ ਜਨਸੰਖਿਆ ਦੇ ਬਾਰੇ 'ਚ ਕਿਸੇ ਨੂੰ ਪਤਾ ਹੈ ਨਾ ਹੀ ਵਾਰਡਾਂ ਦੇ ਨਕਸ਼ੇ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਨਾ ਹੀ ਠੀਕ ਢੰਗ ਨਾਲ ਵੋਟਾਂ ਬਣਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸੱਤਾਧਾਰੀਆਂ ਦਾ ਇੱਕੋ ਹੀ ਨਿਸ਼ਾਨਾ ਹੈ ਕਿ ਕਿਸੇ ਵੀ ਤਰੀਕੇ ਨਗਰ ਨਿਗਮ ਹੁਸ਼ਿਆਰਪੁਰ 'ਤੇ ਆਪਣਾ ਕਬਜ਼ਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਾਰੀ ਕਾਰਵਾਈ ਲੋਕਤੰਤਰ ਦੀ ਮਰਿਆਦਾ ਦੇ ਖ਼ਿਲਾਫ਼ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਭਾਜਪਾ ਵਲੋਂ ਕੀਤੇ ਗਏ ਵਿਰੋਧ ਦੇ ਚੱਲਦਿਆਂ ਚੋਣ ਕਮਿਸ਼ਨ ਨੇ ਨਵੇਂ ਸਿਰੇ ਤੋਂ ਬਣਾਉਣ ਦਾ ਹੁਕਮ ਦਿੱਤਾ ਸੀ, ਜਿਸਦੇ ਕਾਰਨ ਨਗਰ ਨਿਗਮ ਹੁਸ਼ਿਆਰਪੁਰ ਦੀਆਂ ਵੋਟਾਂ ਬਾਕੀ ਨਗਰ ਨਿਗਮਾਂ ਤੋਂ ਪਿੱਛੇ ਰਹਿ ਗਈਆਂ | ਉਨ੍ਹਾਂ ਦੱਸਿਆ ਕਿ ਦੁਬਾਰਾ ਵੋਟਾਂ ਦਾ ਡਰਾਫ਼ਟ ਬਣਾਉਦੇਂ ਸਮੇਂ ਵੀ ਬਹੁਤ ਸਾਰੀਆਂ ਧਾਂਦਲੀਆਂ ਹੋਈਆਂ ਹਨ | 18 ਮਈ ਦੇ ਡਰਾਫ਼ਟ 'ਚ ਨਕਸ਼ਾ ਨਾ ਹੋਣ ਦੇ ਕਾਰਨ ਵਾਰਡ ਨੰਬਰ 43 ਦੀਆਂ ਵੋਟਾਂ 42 'ਚ ਦਿਖਾ ਦਿੱਤੀਆਂ ਅਤੇ 42 ਦੀਆਂ ਵਾਰਡ ਨੰਬਰ 43 'ਚ | ਲੋਕਾਂ ਦੇ ਦਰਜਨਾਂ ਇਤਰਾਜ਼ ਪ੍ਰਾਪਤ ਹੋਣ 'ਤੇ ਸੱਤਾ ਪੱਖ ਵਲੋਂ ਕੁੱਝ ਇਤਰਾਜ਼ਾਂ ਨੂੰ ਠੀਕ ਕਰਵਾਇਆ ਗਿਆ ਲੇਕਿਨ ਬੜੀ ਚਲਾਕੀ ਨਾਲ ਭਾਜਪਾ ਅਤੇ ਹੋਰਨਾਂ ਵਿਰੋਧੀ ਧਿਰਾਂ ਦੇ ਵੋਟਰਾਂ ਨੂੰ ਇੱਧਰ ਉੱਧਰ ਸ਼ਿਫ਼ਟ ਕਰ ਦਿੱਤਾ ਗਿਆ | ਹੁਣ ਫਾਈਨਲ ਵੋਟਰ ਸੂਚੀ 'ਤੇ ਇਤਰਾਜ਼ ਵੀ ਨਹੀਂ ਦਿੱਤੇ ਜਾ ਸਕਦੇ | ਹੈਰਾਨੀ ਦੀ ਗੱਲ ਹੈ ਕਿ ਵਾਰਡ ਨੰਬਰ 12 'ਚ ਮੌਜੂਦਾ ਕੌਂਸਲਰ ਨਰਿੰਦਰ ਕੌਰ ਦੀ ਬੇਟੀ ਦੀ ਆਪਣੇ ਘਰ 'ਚ ਬਣੀ ਹੋਈ ਵੋਟ ਨੂੰ ਵੀ ਦੂਸਰੇ ਵਾਰਡਾਂ 'ਚ ਸ਼ਿਫ਼ਟ ਕਰ ਦਿੱਤਾ ਗਿਆ ਅਤੇ ਉਨ੍ਹਾਂ ਦਾ ਪੂਰਾ ਮੁਹੱਲਾ ਵੀ ਸ਼ਿਫ਼ਟ ਕਰ ਦਿੱਤਾ ਗਿਆ | ਇਸੇ ਤਰ੍ਹਾਂ ਹੋਰਨਾਂ ਵਾਰਡਾਂ 'ਚ ਇਸੇ ਤਰ੍ਹਾਂ ਕੀਤਾ ਗਿਆ ਹੈ ਤਾਂ ਜੋ ਆਪਣੀ ਵੋਟ ਉਹ ਖ਼ੁਦ ਨੂੰ ਹੀ ਨਾ ਪਾ ਸਕਣ | ਤੀਕਸ਼ਣ ਸੂਦ, ਵਿਨੋਦ ਪਰਮਾਰ, ਅਸ਼ਵਨੀ ਓਹਰੀ ਅਤੇ ਯਸ਼ਪਾਲ ਸ਼ਰਮਾ ਨੇ ਸਰਕਾਰ ਵਲੋਂ ਵੋਟਾਂ ਦੀਆਂ ਧਾਂਦਲੀਆਂ ਦੀ ਸ਼ਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਚੋਣ ਕਮਿਸ਼ਨ ਨੂੰ ਖ਼ੁਦ ਦਖ਼ਲ ਦੇਣ ਦੀ ਮੰਗ ਕੀਤੀ | ਸੂਦ ਨੇ ਕਿਹਾ ਕਿ ਉਹ ਇਸ ਸੰਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ ਅਤੇ ਪੀੜਤਾਂ ਨੇ ਵੀ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤਾਂ ਕੀਤੀਆਂ ਹਨ |