ਹਾਜੀਪੁਰ, 9 ਜੂਨ (ਜੋਗਿੰਦਰ ਸਿੰਘ)-ਆਪਣੀਆਂ ਹੱਕੀ ਮੰਗਾਂ ਦੀ ਆਵਾਜ਼ ਉਠਾਉਣ ਲਈ ਪਟਿਆਲਾ ਵਿਖੇ ਪਾਵਰਕਾਮ ਮੁੱਖ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ 2600 ਆਈ. ਟੀ. ਆਈ. ਸਿਖਲਾਈ ਪ੍ਰਾਪਤ ਨੌਜਵਾਨਾਂ ਤੇ ਪੰਜਾਬ ਪੁਲਿਸ ਵਲੋਂ ਢਾਹੇ ਗਏ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਪ੍ਰਧਾਨ ਤੇ ਟਕਸਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਇਸ ਨੂੰ ਪੰਜਾਬ ਦੇ ਨੌਜਵਾਨਾਂ ਦੇ ਮਾਣ ਸਨਮਾਨ 'ਤੇ ਸਿੱਧਾ ਹਮਲਾ ਦੱਸਦਿਆਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਤੇ ਨਿੰਦਣਯੋਗ ਘਟਨਾ ਹੈ | ਉਨ੍ਹਾਂ ਕਿਹਾ ਆਮ ਲੋਕਾਂ ਦੀ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੀ ਸਰਕਾਰ ਨੌਜਵਾਨਾਂ ਨੂੰ ਕੁੱਟ ਰਹੀ ਹੈ | ਕਿਰਪਾਲ ਸਿੰਘ ਗੇਰਾ ਨੇ ਕਿਹਾ ਕਿ ਪੰਜਾਬ ਵਿਚ ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਸਰਕਾਰ ਉਨ੍ਹਾਂ ਵਲੋਂ ਸ਼ਾਂਤਮਈ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਦਬਾਉਣ ਵਿਚ ਲੱਗੀ ਹੋਈ ਹੈ |