ਅਬੋਹਰ, 9 ਜੂਨ (ਤੇਜਿੰਦਰ ਸਿੰਘ ਖ਼ਾਲਸਾ)- ਅੰਤਰਰਾਸ਼ਟਰੀ ਯੋਗਾ ਦਿਹਾੜੇ ਦੇ ਸੰਬੰਧ ਵਿਚ ਸੀਮਾ ਸੁਰੱਖਿਆ ਬਲ ਦੀ 55 ਬਟਾਲੀਅਨ ਵਲੋਂ ਅਬੋਹਰ ਵਿਖੇ ਸ਼ਹਿਰ ਵਾਸੀਆਂ ਦੇ ਨਾਲ ਤੜਕਸਾਰ ਯੋਗਾ ਦਾ ਵਿਸ਼ੇਸ਼ ਸੈਸ਼ਨ ਕਰਦੇ ਹੋਏ ਲੋਕਾਂ ਨੂੰ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ ਗਿਆ | ਪ੍ਰੋਗਰਾਮ ਵਿਚ ਸ਼੍ਰੀ ਬੁੱਧਾ ਦੇਵਰਾਏ ਕਮਾਂਡਰ ਅਧਿਕਾਰੀ 55ਵੀਂ ਬਟਾਲੀਅਨ ਬੀ.ਐੱਸ.ਐਫ ਦੀ ਹਾਜ਼ਰੀ ਵਿਸ਼ੇਸ਼ ਤੌਰ 'ਤੇ ਰਹੀ | ਅਬੋਹਰ ਦੇ ਨਹਿਰੂ ਪਾਰਕ ਵਿਚ ਰੱਖੇ ਇਸ ਯੋਗਾ ਸੈਸ਼ਨ ਦੌਰਾਨ ਸ਼ਹਿਰ ਦੇ 150 ਨਾਗਰਿਕਾਂ ਦੇ ਨਾਲ 140 ਦੇ ਕਰੀਬ ਬੀ.ਐੱਸ.ਐਫ ਅਧਿਕਾਰੀ, ਅਰਧ ਸੈਨਿਕ ਅਧਿਕਾਰੀ ਅਤੇ ਫ਼ੌਜੀ ਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ | ਯੋਗ ਸਿੱਖਿਆ ਦੇ ਮਾਰਗਦਰਸ਼ਨ ਹੇਠ ਪ੍ਰਤੀਭਾਗੀਆਂ ਨੇ ਵੱਖ-ਵੱਖ ਯੋਗ ਆਸਣ ਕਰਕੇ ਸਰੀਰਕ ਅਤੇ ਮਾਨਸਿਕ ਲਾਭ ਹਾਸਲ ਕੀਤਾ | ਆਪਣੇ ਸੰਬੋਧਨ ਵਿਚ ਸ਼੍ਰੀ ਬੁੱਧਾ ਦੇਵਰਾਏ ਨੇ ਕਿਹਾ ਕਿ ਯੋਗ ਭਾਰਤੀ ਸਭਿਆਚਾਰ ਦੀ ਬੇਸ਼ਕੀਮਤੀ ਨਿਸ਼ਾਨੀ ਹੈ ਜੋ ਨਾ ਸਿਰਫ਼ ਸਰੀਰ ਨੂੰ ਸਿਹਤਮੰਦ ਕਰਦੀ ਹੈ ਸਗੋਂ ਮਾਨਸਿਕ ਤੌਰ 'ਤੇ ਵੀ ਸਿਹਤਮੰਦ ਰੱਖਦੀ ਹੈ | ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਯੋਗ ਨੂੰ ਆਪਣੇ ਜੀਵਨ ਵਿਚ ਹਰ ਰੋਜ਼ ਅਪਣਾਉਣ ਦਾ ਸੱਦਾ ਦਿੱਤਾ | ਪ੍ਰੋਗਰਾਮ ਦਾ ਮੁੱਖ ਉਦੇਸ਼ ਨਾਗਰਿਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਤਣਾਅ ਮੁਕਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਸੀ | ਪ੍ਰੋਗਰਾਮ ਦੀ ਸਮਾਪਤੀ ਸਵੱਛ ਭਾਰਤ, ਸਸ਼ਕਤ ਸਮਾਜ ਅਤੇ ਰਾਸ਼ਟਰੀ ਏਕਤਾ ਦੇ ਸੰਦੇਸ਼ ਨਾਲ ਕੀਤੀ ਗਈ |