ਟਾਂਡਾ ਉੁੜਮੁੜ, 9 ਜੂਨ (ਦੀਪਕ ਬਹਿਲ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਮੈਂਬਰ ਪੀ. ਏ. ਸੀ. ਸੰਦੀਪ ਸਿੰਘ ਖ਼ਾਲਸਾ ਨੂੰ ਪਾਰਟੀ ਹਾਈਕਮਾਨ ਵਲੋਂ ਹਲਕਾ ਇੰਚਾਰਜ ਲਗਾਉਣ 'ਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਦੁਆਬਾ ਇੰਚਾਰਜ ਡਾਕਟਰ ਹਰਜਿੰਦਰ ਸਿੰਘ ਜੱਖੂ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਜਥੇਦਾਰ ਸੰਦੀਪ ਸਿੰਘ ਖ਼ਾਲਸਾ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਜੇਕਰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਉੜਮੁੜ ਦੇ ਵਾਸੀ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਉਹ ਹਲਕੇ ਦੇ ਵਿਕਾਸ ਲਈ ਸਾਰਥਕ ਕਦਮ ਚੁੱਕਣਗੇ | ਹਲਕੇ ਅਧੀਨ ਆਉਂਦੇ ਹਰ ਇਕ ਪਿੰਡ ਅਤੇ ਕਸਬੇ ਦਾ ਬਹੁਪੱਖੀ ਵਿਕਾਸ ਕਰਨਗੇ | ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਵੱਡੇ ਉਦਯੋਗ ਲਿਆ ਕੇ ਨੌਕਰੀਆਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ | ਇਸ ਮੌਕੇ ਉਨ੍ਹਾਂ ਉੜਮੁੜ ਟਾਂਡਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦਾ ਸਾਥ ਦੇਣ ਤਾਂ ਜੋ ਹਲਕੇ ਦੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ |