ਗੜ੍ਹਸ਼ੰਕਰ, 9 ਜੂਨ (ਧਾਲੀਵਾਲ)- ਸੀ.ਪੀ.ਐੱਮ.ਈ. ਵਲੋਂ ਇਥੇ ਬੱਸ ਸਟੈਂਡ ਵਿਖੇ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ ਉੱਪਰ ਪਟਿਆਲਾ ਵਿਖੇ ਪੰਜਾਬ ਪੁਲਿਸ ਵਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦ ਦੇ ਵਿਰੋਧ ਵਿਚ ਪੰਜਾਬ ਸਰਕਾਰ ਤੇ ਡੀ.ਐੱਸ.ਪੀ. ਸੰਜੀਵ ਸਿੰਗਲਾ ਦੀ ਅਰਥੀ ਫੂਕ ਕੇ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨਾ ਸਭ ਦਾ ਸੰਵਿਧਾਨਕ ਹੱਕ ਹੈ | ਪੰਜਾਬ ਸਰਕਾਰ ਵਲੋਂ ਸੱਤਾ 'ਚ ਆਉਣ ਤੋਂ ਪਹਿਲਾ ਵਾਅਦਾ ਕੀਤਾ ਗਿਆ ਸੀ ਕਿ ਉਹ ਸਾਰੀਆਂ ਮੰਗਾਂ ਮੰਨਣਗੇ ਤੇ ਕਿਸੇ ਵੀ ਮੁਲਾਜ਼ਮ ਨੂੰ ਧਰਨਾ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ | ਪਰ ਇਸ ਦੇ ਉਲਟ ਅੱਜ ਸਫਾਈ ਕਰਮਚਾਰੀ, ਸੁਵਿਧਾ ਕੇਂਦਰਾਂ ਦੇ ਮੁਲਾਜ਼ਮ, ਕਿਸਾਨ ਮਜ਼ਦੂਰ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੀਆਂ ਹਨ ਪਰ ਸਰਕਾਰ ਉਨ੍ਹਾਂ ਨਾਲ ਗੱਲਬਾਤਚ ਕਰ ਦੀ ਬਜਾਏ ਸੰਘਰਸ਼ ਨੂੰ ਬਲ ਪੂਰਵਕ ਦਵਾਉਣ ਵਿਚ ਲੱਗੀ ਹੋਈ ਹੈ | ਉਨ੍ਹਾਂ ਮੰਗਾਂ ਕੀਤੀ ਕਿ ਡੀ.ਐੱਸ.ਪੀ. ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਕਰਮਚਾਰੀਆਂ ਖਿਲਾਫ਼ ਕੀਤੇ ਮੁਕੱਦਮੇ ਵਾਪਿਸ ਲਏ ਜਾਣ | ਇਸ ਮੌਕੇ ਸੰਘਰਸ਼ ਕਰਨ ਵਾਲੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਸਬੰਧੀ ਮਤੇ ਪਾਸ ਕੀਤੇ ਗਏ | ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਮਹਿੰਦਰ ਕੁਮਾਰ, ਰਵਿੰਦਰ ਨੀਟਾ, ਪ੍ਰੇਮ ਸਿੰਘ ਰਾਣਾ, ਹਰਭਜਨ ਸਿੰਘ ਅਟਵਾਲ, ਕੁਲਵਿੰਦਰ ਸੰਘਾ, ਮੋਹਣ ਲਾਲ ਬੀਣੇਵਾਲ, ਰਮੇਸ਼ ਧੀਮਾਨ, ਸੁਖਦੇਵ ਸਿੰਘ ਰਾਮਪੁਰ, ਰਵੀ ਹਾਜੀਪੁਰ, ਕਸ਼ਮੀਰ ਸਿੰਘ ਭੱਜਲ, ਚੌਧਰੀ ਪਵਨ ਗੜ੍ਹਸ਼ੰਕਰ ਤੇ ਹੋਰਨਾਂ ਨੇ ਪੰਜਾਬ ਸਰਕਾਰ ਅਤੇ ਡੀ.ਐੱਸ.ਪੀ. ਦਾ ਪੁਤਲਾ ਸਾੜਨ ਸਮੇਂ ਨਾਅਰੇਬਾਜ਼ੀ ਕੀਤੀ |