ਹੁਸ਼ਿਆਰਪੁਰ, 9 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲੇਬਰ ਪਾਰਟੀ ਵਲੋਂ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਜਸਵਿੰਦਰ ਕੁਮਾਰ ਦੀ ਅਗਵਾਈ 'ਚ ਪਿੰਡ ਅੱਛਰਵਾਲ 'ਚ ਬਜ਼ੁਰਗਾਂ ਨਾਲ ਬੁਢਾਪਾ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਗੈਰ ਸੰਵਿਧਾਨਕ ਤਰੀਕੇ ਵਰਤ ਕੇ ਕੀਤੇ ਜਾ ਰਹੇ ਸ਼ੋਸ਼ਣ ਵਿਰੱੁਧ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਧੀਮਾਨ ਨੇ ਦੱਸਿਆ ਕਿ ਮੂਲ ਸੰਵਿਧਾਨਕ ਅਧਿਕਾਰਾਂ ਦੀ ਧਾਰਾ 14 ਤੇ 15 ਦੇ ਸਰਕਾਰੀ ਨੀਤੀਆਂ ਬਿਲਕੁਲ ਵਿਰੁੱਧ ਹਨ, ਅÏਰਤਾਂ ਨੂੰ ਬੁਢਾਪਾ ਪੈਨਸ਼ਨ ਦੀ ਉਮਰ 58 ਸਾਲ ਹੈ ਤੇ ਆਦਮੀਆਂ ਦੀ ਉਮਰ 65 ਸਾਲ ਰੱਖੀ ਗਈ ਹੈ | ਜਦਕਿ ਸਰਕਾਰੀ ਮੁਲਾਜ਼ਮਾਂ ਲਈ ਔਰਤਾਂ ਤੇ ਮਰਦ ਦੀ ਉਮਰ 58 ਸਾਲ ਹੀ ਹੈ | ਇਹ ਨਾ ਬਰਾਬਰਤਾ ਕਰਨੀ ਗੈਰ ਸੰਵਿਧਾਨਕ ਹੈ | ਉਨ੍ਹਾਂ ਲੋਕਾਂ ਦੀ ਸਹਿਮਤੀ ਉਪਰੰਤ ਮੰਗ ਕੀਤੀ ਕਿ ਲੂਣ-ਤੇਲ-ਹਲਦੀ ਤੇ 5 ਕਿੱਲੋ ਕਣਕ ਦੀ ਥਾਂ ਵਿਧਵਾ-ਬੁਢਾਪਾ ਤੇ ਅੰਗਹੀਣ ਪੈਨਸ਼ਨ 3500 ਰੁ: ਪ੍ਰਤੀ ਮਹੀਨਾ ਕੀਤੀ ਜਾਵੇ | ਜਿਹੜੀ ਸਰਕਾਰ 1500 ਰੁ: ਦੇ ਰਹੀ ਹੈ ਉਹ ਨਾ ਕਾਫੀ ਹੈ | ਧੀਮਾਨ ਨੇ ਕਿਹਾ ਕਿ ਕਿੰਨੀਆਂ ਮਾੜੀਆਂ ਨੀਤੀਆਂ ਹਨ ਕਿ ਵਿਧਾਇਕ ਗਰੀਬੀ ਨਾਲ ਜੂਝ ਰਹੇ ਲੋਕਾਂ ਨੂੰ ਮੁੱਖ ਮੰਤਰੀ ਦੀ ਫ਼ੋਟੋ ਵਾਲੇ ਥੈਲਿਆਂ 'ਚ ਲੂਣ, ਤੇਲ ਤੇ ਹਲਦੀ ਵੰਡਣ ਲੱਗ ਪਏ ਹਨ | ਉਨ੍ਹਾਂ ਕਿਹਾ ਕਿ ਹਰਿਆਣੇ ਸੂਬੇ 'ਚ ਪ੍ਰਤੀ ਵਿਧਵਾ, ਬੁਢਾਪਾ ਅਤੇ ਅੰਗਹੀਣ ਪੈਨਸ਼ਨ ਪ੍ਰਤੀ ਮਹੀਨਾ ਜੇ 3200 ਰੁ: ਦਿੱਤੀ ਜਾਂਦੀ ਹੈ ਤਾਂ ਫਿਰ ਦੇਸ਼ ਦੇ ਖ਼ੁਸ਼ਹਾਲ ਸੂਬਾ ਪੰਜਾਬ ਪਿੱਛੇ ਕਿਉਂ ਹੈ? ਪੰਜਾਬ ਸਰਕਾਰ ਨੂੰ ਤਾਂ 3500 ਰੁ: ਪ੍ਰਤੀ ਮਹੀਨਾ ਪੈਨਸ਼ਨ ਕਰਨੀ ਚਾਹੀਦੀ ਹੈ | ਧੀਮਾਨ ਨੇ ਕਿਹਾ ਕਿ 3500 ਰੁ: ਵਿਧਵਾ, ਬੁਢਾਪਾ ਦੇ ਅੰਗਹੀਣ ਪੈਨਸ਼ਨ ਦਿੱਤੀ ਜਾ ਸਕਦੀ ਹੈ, ਜੇਕਰ ਸਰਕਾਰ ਗ਼ਰੀਬਾਂ ਦਾ ਸ਼ੋਸ਼ਣ ਕਰਨਾ ਤੇ ਭੇਦਭਾਵ ਕਰਨਾ ਬੰਦ ਕਰ ਦੇਵੇ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਡਾ. ਅੰਬੇਡਕਰ ਦੀਆਂ ਗੱਲਾਂ ਕਰਦੀ ਹੈ ਤੇ ਦੂਸਰੇ ਪਾਸੇ ਸੰਵਿਧਾਨਕ ਮੂਲ ਅਧਿਕਾਰਾਂ ਦਾ ਵਿਰੋਧ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜਲਦੀ ਹੀ ਇਕ ਮੰਗ ਪੱਤਰ (ਵਿਧਵਾ-ਬੁਢਾਪਾ ਅਤੇ ਅੰਗਹੀਣ ਪੈਨਸ਼ਨਰ ਮੂਵਮੈਂਟ) ਵਲੋਂ ਸਰਕਾਰ ਨੂੰ ਭੇਜਿਆ ਜਾਵੇਗਾ | ਇਸ ਮੌਕੇ ਸੁੱਚਾ ਰਾਮ, ਬਲਕਾਰ ਸਿੰਘ, ਅਸ਼ੋਕ ਕੁਮਾਰ, ਗੁਰਨਾਮ ਸਿੰਘ, ਜੋਗਿੰਦਰ ਸਿੰਘ, ਬਲਦੇਵ ਸਿੰਘ, ਗੁਰਦੇਵ ਸਿੰਘ, ਗਿਆਨ ਚੰਦ, ਕਸ਼ਮੀਰੀ ਲਾਲ, ਗੁਰਨਾਮ ਸਿੰਘ, ਅਜੀਤ ਸਿੰਘ, ਬਲਰਾਜ ਸਿੰਘ ਆਦਿ ਹਾਜ਼ਰ ਸਨ |