ਦਸੂਹਾ, 16 ਜੂਨ (ਕੌਸ਼ਲ)- ਕੋਰੋਨਾ ਕਾਲ ਦੌਰਾਨ ਬੰਦ ਕੀਤੇ ਗਏ ਰੇਲ ਗੱਡੀਆਂ ਦੇ ਸਟਾਪ ਮੁੜ ਬਹਾਲ ਕਰਨ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਆਖ਼ਰਕਾਰ ਮਨਜ਼ੂਰੀ ਮਿਲ ਗਈ ਹੈ ਅਤੇ ਨੋਟੀਫ਼ਿਕੇਸ਼ਨ ਵੀ ਹੋ ਗਿਆ ਹੈ। ਦਸੂਹਾ ਦੇ ਸਥਾਨਕ ਲੋਕਾਂ ਵਲੋਂ ਉਠਾਈ ਗਈ ਇਸ ਮੰਗ ਨੂੰ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਯਤਨਾਂ ਸਦਕਾ ਰੇਲਵੇ ਵਿਭਾਗ ਨੇ ਦੋ ਮਹੱਤਵਪੂਰਨ ਰੇਲ ਗੱਡੀਆਂ ਦੇ ਦਸੂਹਾ ਵਿਖੇ ਸਟਾਪ ਮੁੜ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਤੁਲਸੀ ਜੱਗਾ, ਸ਼ਰਦ ਡੋਗਰਾ ਅਤੇ ਅਸ਼ੋਕ ਕੁਮਾਰ ਜੱਗਾ, ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਕਈ ਰੇਲ ਗੱਡੀਆਂ ਦੇ ਸਟਾਪ ਬੰਦ ਕਰ ਦਿੱਤੇ ਗਏ ਸਨ, ਜਿਸ ਕਾਰਨ ਦਸੂਹਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਕਾਫ਼ੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਮੁੱਦੇ ਨੂੰ ਉਨ੍ਹਾਂ ਵਲੋਂ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਧਿਆਨ ਵਿਚ ਲਿਆਂਦਾ ਗਿਆ, ਜਿਨ੍ਹਾਂ ਨੇ ਰੇਲਵੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਯਤਨ ਕੀਤੇ। ਉਨ੍ਹਾਂ ਦੱਸਿਆ ਕਿ ਅੱਜ ਤੋਂ ਜੰਮੂ ਤਵੀ ਅਤੇ ਜੰਮੂ ਮੇਲ ਰੇਲ ਗੱਡੀਆਂ ਦਾ ਦਸੂਹਾ ਰੇਲਵੇ ਸਟੇਸ਼ਨ ‘ਤੇ ਸਟਾਪ ਅਧਿਕਾਰਤ ਤੌਰ ‘ਤੇ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ, ਨੌਕਰੀਪੇਸ਼ਾ ਲੋਕਾਂ, ਵਿਦਿਆਰਥੀਆਂ ਅਤੇ ਵਪਾਰੀਆਂ ਨੂੰ ਵੱਡੀ ਰਾਹਤ ਮਿਲੇਗੀ। ਸਥਾਨਕ ਲੋਕਾਂ ਨੇ ਇਸ ਫ਼ੈਸਲੇ ਲਈ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਰੇਲਵੇ ਵਿਭਾਗ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਭਵਿੱਖ ਵਿਚ ਵੀ ਜਨਹਿਤ ਨਾਲ ਜੁੜੀਆਂ ਹੋਰ ਮੰਗਾਂ ਨੂੰ ਇਸੇ ਤਰ੍ਹਾਂ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ। ਇਲਾਕੇ ਵਿਚ ਇਸ ਫ਼ੈਸਲੇ ਨੂੰ ਲੈ ਕੇ ਖ਼ੁਸ਼ੀ ਦਾ ਮਾਹੌਲ ਹੈ ਅਤੇ ਲੋਕਾਂ ਨੇ ਇਸ ਨੂੰ ਦਸੂਹਾ ਲਈ ਇਕ ਮਹੱਤਵਪੂਰਨ ਉਪਲਬਧੀ ਕਰਾਰ ਦਿੱਤਾ।
ਦਸੂਹਾ ਵਾਸੀਆਂ ਦੀ ਮੰਗ ’ਤੇ ਕੋਰੋਨਾ ਕਾਲ ਦੌਰਾਨ ਬੰਦ ਹੋਈਆਂ ਰੇਲ ਗੱਡੀਆਂ ਦੇ ਸਟਾਪ ਬਹਾਲ, ਯਾਤਰੀਆਂ ਵਿਚ ਖ਼ੁਸ਼ੀ ਦੀ ਲਹਿਰ
ਅਜੀਤ ਡੈਸਕ
17-06-2026