28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਹਾਂਸੀ-ਬੁਟਾਣਾ ਦਰਿਆਂ ਦੀ ਸਫ਼ਾਈ ’ਚ ਉਗਰਾਹੀ ਬਣੀ ਅੜਚਣ, ਕਿਸਾਨਾਂ ਨੇ ਸੰਘਰਸ਼ ਦੀ ਦਿੱਤੀ ਚਿਤਾਵਨੀ

ਅਜੀਤ ਡੈਸਕ 17-06-2026
ਪਟਿਆਲਾ, 16 ਜੂਨ (ਗੁਰਪ੍ਰੀਤ ਸਿੰਘ ਚੱਠਾ)-ਪਿਛਲੀ ਬਰਸਾਤੀ ਮੌਸਮ ‘ਚ ਹਰਿਆਣੇ ਦੇ ਮੁੱਖ ਮੰਤਰੀ ਦੇ ਤਰਲੇ ਕਰਕੇ ਪੰਜਾਬ ਦੇ ਕਿਸਾਨਾਂ ਨੇ ਹੜਾਂ ਤੋਂ ਬਚਾਅ ਲਈ ਜੋ ਹਾਂਸੀ-ਬੁਟਾਣਾ ਦੇ ਦਰਿਆਂ ਨੂੰ ਸਾਫ਼ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ ਉਸ ਕੰਮ ਤੋਂ ਬਾਅਦ ਪੰਜਾਬ ਸਰਕਾਰ ਦੇ ਵਿਭਾਗ ਵਲੋਂ ਮਿੱਟੀ ਦੀ ਢੁਆਈ ‘ਤੇ ਉਗਰਾਏ ਜਾਂਦੇ ਚਾਰਜ ਕਾਰਨ ਮਿੱਟੀ ਦੀ ਢੁਆਈ ਦਾ ਕੰਮ ਮੱਧਮ ਪੈ ਗਿਆ ਹੈ। ਮਾਨਸੂਨ ਸੀਜ਼ਨ ਨੇੜੇ ਆਉਣ ਨਾਲ ਹਾਂਸੀ-ਬੁਟਾਣਾ ਦਰਿਆ ਦੀ ਸਫ਼ਾਈ ਦੇ ਕੰਮ ਵਿਚ ਆ ਰਹੀਆਂ ਰੁਕਾਵਟਾਂ ਕਾਰਨ ਘੱਗਰ ਨਾਲ ਲੱਗਦੇ ਇਲਾਕਿਆਂ ਦੇ ਕਿਸਾਨਾਂ ਵਿਚ ਚਿੰਤਾ ਵਧ ਗਈ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਪੰਜਾਬ ਦੇ ਜਲ ਨਿਕਾਸ ਵਿਭਾਗ ਵਲੋਂ ਮਿੱਟੀ ਦੀ ਢੁਆਈ ‘ਤੇ ਲਗਾਈ ਗਈ ਉਗਰਾਹੀ ਕਾਰਨ ਸਫ਼ਾਈ ਦਾ ਕੰਮ ਮੱਧਮ ਪੈ ਗਿਆ ਹੈ, ਜਿਸ ਨਾਲ ਬਰਸਾਤਾਂ ਦੌਰਾਨ ਹੜਾਂ ਦਾ ਖ਼ਤਰਾ ਮੁੜ ਵਧ ਸਕਦਾ ਹੈ। ਹਾਂਸੀ-ਬੁਟਾਣਾ ਦਰਿਆ ਦੇ ਕਿਨਾਰੇ ਇਕੱਠੇ ਹੋਏ ਕਿਸਾਨਾਂ ਨੇ ਮੀਟਿੰਗ ਕਰਕੇ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਕਿ ਮਿੱਟੀ ਦੀ ਢੁਆਈ ‘ਤੇ ਲਗਾਏ ਗਏ ਆਈ.ਐੱਸ.ਟੀ.ਸੀ. ਨੂੰ ਤੁਰੰਤ ਘਟਾਇਆ ਜਾਂ ਮੁਆਫ਼ ਕੀਤਾ ਜਾਵੇ, ਤਾਂ ਜੋ ਦਰਿਆ ਦੀ ਸਫ਼ਾਈ ਦਾ ਕੰਮ ਤੇਜ਼ੀ ਨਾਲ ਮੁਕੰਮਲ ਹੋ ਸਕੇ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਮੁੜ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਅਤੇ ਲੋੜ ਪੈਣ ‘ਤੇ ਪਟਿਆਲਾ-ਚੀਕਾ ਮਾਰਗ ‘ਤੇ ਜਾਮ ਲਗਾ ਕੇ ਧਰਨਾ ਵੀ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲ ਘੱਗਰ ਦਰਿਆ ਵਿਚ ਆਏ ਹੜਾਂ ਕਾਰਨ ਦਰਜਨਾਂ ਪਿੰਡਾਂ ਵਿਚ ਵੱਡਾ ਨੁਕਸਾਨ ਹੋਇਆ ਸੀ ਅਤੇ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਭੇਟ ਚੜ ਗਈ ਸੀ। ਉਸ ਸਮੇਂ ਹਾਂਸੀ-ਬੁਟਾਣਾ ਦਰਿਆ ਵਿਚ ਜੰਮੀ ਵੱਡੀ ਮਾਤਰਾ ਮਿੱਟੀ ਅਤੇ ਗਾਦ ਨੂੰ ਵੀ ਹੜਾਂ ਦੇ ਨੁਕਸਾਨ ਦਾ ਇਕ ਵੱਡਾ ਕਾਰਨ ਮੰਨਿਆ ਗਿਆ ਸੀ। ਇਸ ਮਗਰੋਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਹੜ ਪੀੜਤ ਕਮੇਟੀ ਬਣਾਕੇ ਲੰਮਾ ਸੰਘਰਸ਼ ਕੀਤਾ ਸੀ ਅਤੇ ਪਟਿਆਲਾ-ਚੀਕਾ ਸੜਕ ‘ਤੇ ਜਾਮ ਵੀ ਲਗਾਇਆ ਗਿਆ ਸੀ। ਕਿਸਾਨਾਂ ਨੇ ਦੱਸਿਆ ਕਿ ਉਨਾਂ ਦੇ ਸੰਘਰਸ਼ ਤੋਂ ਬਾਅਦ ਹਰਿਆਣਾ ਸਰਕਾਰ ਨੇ ਮਾਮਲੇ ਦਾ ਨੋਟਿਸ ਲਿਆ ਸੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਹੋਈ ਮੀਟਿੰਗ ਦੌਰਾਨ ਹਾਂਸੀ-ਬੁਟਾਣਾ ਦਰਿਆ ਦੀ ਸਫ਼ਾਈ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਲਗਭਗ ਦੋ ਮਹੀਨੇ ਪਹਿਲਾਂ ਸਫ਼ਾਈ ਦਾ ਕੰਮ ਸ਼ੁਰੂ ਹੋਇਆ, ਪਰ ਹੁਣ ਮਿੱਟੀ ਦੀ ਢੁਆਈ ‘ਤੇ ਲੱਗੇ ਆਈ.ਐੱਸ.ਟੀ.ਸੀ. ਕਾਰਨ ਮਿੱਟੀ ਚੁੱਕਣ ਵਾਲਿਆਂ ਦੀ ਗਿਣਤੀ ਘਟ ਗਈ ਹੈ ਕਿਉਂਕਿ 1500 ਤੋਂ 2000 ਟਿੱਪਰ ‘ਤੇ ਚਾਰਜ ਲਗਦਾ ਹੈ ਜੋ ਪੰਜਾਬ ਮਿੱਟੀ ਲੈਕੇ ਜਾਂਦਾ ਹੈ। ਜਿਸ ਚਾਰਜ ਕਾਰਨ ਢੁਆਈ ਦਾ ਖਰਚਾ ਵਧ ਜਾਂਦਾ ਹੈ। ਜਿਸ ਨਾਲ ਸਫ਼ਾਈ ਦੀ ਰਫ਼ਤਾਰ ਵੀ ਪ੍ਰਭਾਵਿਤ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਦਰਿਆ ਦੀ ਸਫ਼ਾਈ ਮੁਕੰਮਲ ਨਾ ਹੋਈ ਤਾਂ ਇਲਾਕੇ ਦੇ ਪਿੰਡਾਂ ਨੂੰ ਮੁੜ ਹੜਾਂ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਲੋਕ ਹਿਤ ਅਤੇ ਹੜਾਂ ਤੋਂ ਬਚਾਅ ਨੂੰ ਧਿਆਨ ਵਿਚ ਰੱਖਦਿਆਂ ਇਸ ਮਾਮਲੇ ਵਿਚ ਤੁਰੰਤ ਦਖ਼ਲ ਦਿੱਤਾ ਜਾਵੇ ਅਤੇ ਸਫ਼ਾਈ ਕਾਰਜ ਵਿਚ ਆ ਰਹੀਆਂ ਰੁਕਾਵਟਾਂ ਦੂਰ ਕੀਤੀਆਂ ਜਾਣ। ਇਸ ਮੌਕੇ ਹਰਚਰਨ ਸਿੰਘ ਢੀਂਡਸਾ, ਕਸ਼ਮੀਰ ਸਿੰਘ ਵਿਰਕ, ਹਰਭਜਨ ਸਿੰਘ ਚੱਠਾ, ਹਰਦੀਪ ਸਿੰਘ ਚੀਮਾ, ਅਮਨ ਸਿੰਘ ਗਿੱਲ, ਧਰਮਿੰਦਰ ਸਿੰਘ ਚੀਮਾ, ਬਲਜਿੰਦਰ ਸਿੰਘ ਨੇ ਕਿਹਾ ਕਿ ਉਨਾਂ ਵਲੋਂ ਵਿਭਾਗ ਦੇ ਐਕਸੀਅਨ ਨੂੰ ਇਹ ਚਾਰਜ ਤੋਂ ਛੋਟ ਲਈ ਬੇਨਤੀ ਕੀਤੀ ਗਈ ਸੀ ਪਰ ਅਜੇ ਤੱਕ ਇਸ ‘ਤੇ ਕੋਈ ਅਮਲ ਨਹੀਂ ਹੋਇਆ ਇਸ ਕਰਕੇ ਜੇਕਰ ਜਲਦੀ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਉਹ ਪੀੜਤ ਕਿਸਾਨਾਂ ਨੂੰ ਨਾਲ ਲੈਕੇ ਮੁੜ ਜਾਮ ਲਗਾ ਕੇ ਧਰਨੇ ਦੇਣਗੇ।
ਪਿਛਲੀ ਖ਼ਬਰ ਸਰਹਿੰਦ ਭਾਦਸੋਂ ਰੋਡ ’ਤੇ ਵਾਪਰੇ ਹਾਦਸੇ ‘ਚ ਇਕ ਨੌਜਵਾਨ ਦੀ ਮੌਤ, ਦੋ �ਔਰਤਾਂ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਦਸੂਹਾ ਵਾਸੀਆਂ ਦੀ ਮੰਗ ’ਤੇ ਕੋਰੋਨਾ ਕਾਲ ਦੌਰਾਨ ਬੰਦ ਹੋਈਆਂ ਰੇਲ ਗੱਡੀਆਂ ਦੇ ਸਟਾਪ ਬਹਾਲ, ਯਾਤਰੀਆਂ ਵਿਚ ਖ਼ੁਸ਼ੀ ਦੀ ਲਹਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।