ਹੁਸ਼ਿਆਰਪੁਰ, 16 ਜੂਨ (ਨਰਿੰਦਰ ਸਿੰਘ ਬੱਡਲਾ)-ਵਿਧਾਨ ਸਭਾ ਚੋਣਾਂ 2027 ਦੀ ਰਣਨੀਤੀ ਤਿਆਰ ਕਰਨ ਲਈ ਭਾਜਪਾ ਸੰਗਠਨ ਚੱਬੇਵਾਲ ਦੀ ਇਕੱਤਰਤਾ ਹਲਕਾ ਇੰਚਾਰਜ ਡਾ. ਦਿਲਬਾਗ ਰਾਏ ਦੀ ਅਗਵਾਈ ਹੇਠ ਹੋਈ। ਜਿਸ ਵਿਚ ਵਿਸ਼ੇਸ਼ ਤੌਰ ‘ਤੇ ਸਾਬਕਾ ਮੇਅਰ ਤੇ ਸੀਨੀਅਰ ਆਗੂ ਸ਼ਿਵ ਸੂਦ ਹਾਜ਼ਰ ਹੋਏ। ਇਸ ਮੌਕੇ ਬੋਲਦਿਆਂ ਡਾ. ਦਿਲਬਾਗ ਰਾਏ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੀਆਂ ਹਦਾਇਤਾਂ ਅਨੁਸਾਰ ਪਾਰਟੀ ਦਾ ਵਿਸਥਾਰ ਬੂਥ ਪੱਧਰ ਤੱਕ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਚੋਣਾਂ ‘ਚ ਭਾਜਪਾ ਦੀ ਜਿੱਤ ਲਈ ਹੁਣ ਤੋਂ ਹੀ ਮਿਹਨਤ ਤੇ ਲਗਨ ਨਾਲ ਕੰਮ ਸ਼ੁਰੂ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੁਣ ਲੋਕ ਆਪਣੇ ਆਪ ਭਾਜਪਾ ਨਾਲ ਜੁੜ ਰਹੇ ਹਨ ਅਤੇ ਇਹ ਗੱਲ ਪੱਕੀ ਹੈ ਕਿ 2027 ‘ਚ ਸੂਬੇ ‘ਚ ਭਾਜਪਾ ਦੀ ਸਰਕਾਰ ਬਣੇਗੀ। ਇਸ ਮੌਕੇ ਬੋਲਦਿਆਂ ਸ਼ਿਵ ਸੂਦ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਪਾਰਟੀ ਦੇ ਆਹਲਾ ਆਗੂ ਵੀ ਪਾਰਟੀ ਦੀਆਂ ਨੀਤੀਆਂ ਦੇ ਪ੍ਰਚਾਰ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨਗੇ ਅਤੇ ਨੁੱਕੜ ਮੀਟਿੰਗਾਂ ਰਾਹੀਂ ਪਾਰਟੀ ਦਾ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਬਲਰਾਮ ਕੁਮਾਰ, ਅਸ਼ੋਕ ਕਿਸ਼ਨ, ਬੱਬੂ, ਕਿਰਪਾਲ ਸਿੰਘ, ਧੀਰਜ ਐਰੀ, ਮੰਡਲ ਪ੍ਰਧਾਨ ਮੰਗਤ ਰਾਮ ਆਦਿ ਵੀ ਹਾਜ਼ਰ ਸਨ।
ਡਾ. ਦਿਲਬਾਗ ਰਾਏ ਦੀ ਅਗਵਾਈ ’ਚ 2027 ਦੀਆਂ ਚੋਣਾਂ ਦੀ ਰਣਨੀਤੀ ਸੰਬੰਧੀ ਮੀਟਿੰਗ
ਅਜੀਤ ਡੈਸਕ
17-06-2026