ਪਟਿਆਲਾ, 16 ਜੂਨ (ਮਨਦੀਪ ਸਿੰਘ ਖਰੌੜ)-ਪ੍ਰਸਿੱਧ ਸਮਾਜ ਸੇਵਾ ਸੰਦੀਪ ਸਿੰਘ ਸਨੀ ਢਿੱਲੋਂ ਨੇ ਕਿਹਾ ਹੈ ਕਿ ਉਹ ਅਮਰੀਕਾ ਤੋਂ ਪੰਜਾਬੀਆਂ ਦੀ ਸੇਵਾ ਕਰਨ ਵਾਸਤੇ ਆਏ ਹਨ ਅਤੇ ਜੇਕਰ ਉਨ੍ਹਾਂ ਦਾ ਜਿੱਤਣ ਵਾਲੀ ਪਾਰਟੀ ਨਾਲ ਟਿਕਟ ਦਾ ਕੋਈ ਨਿਬੇੜਾ ਨਾ ਹੋਇਆ ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿੱਤਰਨਗੇ| ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪੈੱਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਸੰਦੀਪ ਸਿੰਘ ਸਨੀ ਢਿੱਲੋਂ ਨੇ ਕਿਹਾ ਕਿ ਉਨ੍ਹਾਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਬਹੁਤ ਮਦਦ ਕੀਤੀ ਸੀ ਤੇ ਉਹ ਅਮਰੀਕਾ ਤੋਂ ਪ੍ਰਵਾਸੀ ਭਾਰਤੀ ਦਰਸ਼ਨ ਸਿੰਘ ਧਾਲੀਵਾਲ ਦੇ ਕਹਿਣ ‘ਤੇ ਪੰਜਾਬ ਵਿਚ ਸੇਵਾ ਵਾਸਤੇ ਆਏ ਹਨ ਪਰ ਉਨ੍ਹਾਂ ਲਈ ਸਿਆਸੀ ਪਾਰਟੀਆਂ ਦੇ ਵਿਕਲਪ ਖੁੱਲ੍ਹੇ ਹਨ ਅਤੇ ਉਹ ਜਿੱਤਣ ਵਾਲੀ ਪਾਰਟੀ ਤੋਂ ਟਿਕਟ ਲੈ ਕੇ ਪਟਿਆਲਾ ਸ਼ਹਿਰੀ ਜਾਂ ਪਟਿਆਲਾ ਦਿਹਾਤੀ ਹਲਕੇ ਤੋਂ ਚੋਣ ਲੜਨ ਦੀ ਇੱਛਾ ਰੱਖਦੇ ਹਨ ਪਰ ਜੇਕਰ ਉਨ੍ਹਾਂ ਦਾ ਟਿਕਟ ਦਾ ਨਿਬੇੜਾ ਨਾ ਹੋਇਆ ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿੱਤਰਨਗੇ| ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭਾਜਪਾ ਲੀਡਰਸ਼ਿਪ ਨਾਲ ਵੀ ਨੇੜਤਾ ਹੈ ਤੇ ਉਨ੍ਹਾਂ ਦੀ ਉਮੀਦਵਾਰੀ ਦਾ ਫ਼ੈਸਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ| ਉਨ੍ਹਾਂ ਕਿਹਾ ਕਿ ਉਨ੍ਹਾਂ ਅਮਰੀਕਾ ਵਿਚ ਬਹੁਤ ਮਿਹਨਤ ਸਦਕਾ ਮੌਜੂਦਾ ਮੁਕਾਮ ਹਾਸਲ ਕੀਤਾ ਹੈ ਤੇ ਪੰਜਾਬੀਆਂ ਦੀ ਸੇਵਾ ਕਰਨਾ ਉਨ੍ਹਾਂ ਦਾ ਪਹਿਲਾ ਏਜੰਡਾ ਹੈ| ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਬਾਰੇ ਫ਼ੈਸਲਾ ਅਗਲੇ 5 ਤੋਂ 7 ਦਿਨਾਂ ਦੇ ਅੰਦਰ-ਅੰਦਰ ਹੋ ਜਾਵੇਗਾ| ਹੋਰ ਸਵਾਲਾਂ ਦੇ ਜਵਾਬ ਦਿੰਦਿਆਂ ਸੰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰਾਂ ਨੂੰ ਸਵਾਲ ਕਰਨੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਹੀ ਸਿੱਖੇ ਹਨ ਅਤੇ ਹੁਣ ਉਹ ਵੀ ਪੰਜਾਬ ਸਰਕਾਰ ਤੋਂ ਸਵਾਲ ਪੁੱਛੇ ਰਹੇ ਹਨ ਕਿ ਪੰਜਾਬ ਸਿਰ ਕਰਜ਼ਾ ਕਿਉਂ ਵੱਧ ਰਿਹਾ ਹੈ| ਉਨ੍ਹਾਂ ਕਿਹਾ ਕਿ ਜੋ ਸਕੀਮਾਂ ਭਗਵੰਤ ਮਾਨ ਨੇ ਚਲਾਈਆਂ ਹਨ, ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ| ਉਨ੍ਹਾਂ ਹੋਰ ਕਿਹਾ ਕਿ ਪੰਜਾਬ ਨੂੰ ਰਾਹਤ ਤਾਂ ਹੀ ਮਿਲ ਸਕਦੀ ਹੈ ਜੇਕਰ ਕੇਂਦਰ ਸਰਕਾਰ ਤੋਂ ਖੁੱਲ੍ਹੇ ਫ਼ੰਡ ਮਿਲਣ ਅਤੇ ਇਸੇ ਨਾਲ ਹੀ ਸੂਬਾ ਅੱਗੇ ਤਰੱਕੀ ਕਰ ਸਕਦਾ ਹੈ| ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦੀ ਮੁੱਖ ਸੋਚ ਹੈ ਤੇ ਉਹ ਜੋ ਵੀ ਕਰਨਗੇ ਲੋਕਾਂ ਦੀ ਬਿਹਤਰੀ ਵਾਸਤੇ ਹੀ ਕਰਨਗੇ|