ਫੋਕਲ ਪੁਆਇੰਟ ਪੰਜਢੇਰਾ ਕਲਾਂ ਵਿਖੇ ਸਵੱਛ ਭਾਰਤ ਮੁਹਿੰਮ ਦੀਆਂ ਸ਼ਰੇਆਮ ਉੱਡ ਰਹੀਆਂ ਧੱਜੀਆਂ
ਨੰਗਲ ਬਿਹਾਲਾਂ, 4 ਨਵੰਬਰ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਪੰਜਢੇਰਾ ਕਲਾਂ ਵਿਖੇ ਸਥਿਤ ਫੋਕਲ ਪੁਆਇੰਟ ਦਾਣਾ ਮੰਡੀ ਵਿਖੇ ਸਵੱਛ ਭਾਰਤ ਮੁਹਿੰਮ ਦੀਆਂ ਧੱਜੀਆਂ ਸ਼ਰੇਆਮ ਉੱਡ ਰਹੀਆਂ ਹਨ। ਇਸ ਮੰਡੀ ਵਿਚ ਝੋਨੇ ਅਤੇ ਕਣਕ ਦੇ ਸੀਜ਼ਨ ਮੌਕੇ ਕੰਮ ਕਰਨ ਵਾਲੇ ਆੜ੍ਹਤੀਆਂ, ਮਜ਼ਦੂਰਾਂ, ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਪਖਾਨੇ ਨਾ ਹੋਣ ਕਾਰਨ ਇਨ੍ਹਾਂ ਨੂੰ ਖੁਲ੍ਹੇ ਵਿਚ ਜਾਣਾ ਪੈਂਦਾ ਹੈ।
ਨੰਗਲ ਬਿਹਾਲਾਂ, 4 ਨਵੰਬਰ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਪੰਜਢੇਰਾ ਕਲਾਂ ਵਿਖੇ ਸਥਿਤ ਫੋਕਲ ਪੁਆਇੰਟ ਦਾਣਾ ਮੰਡੀ ਵਿਖੇ ਸਵੱਛ ਭਾਰਤ ਮੁਹਿੰਮ ਦੀਆਂ ਧੱਜੀਆਂ ਸ਼ਰੇਆਮ ਉੱਡ ਰਹੀਆਂ ਹਨ। ਇਸ ਮੰਡੀ ਵਿਚ ਝੋਨੇ ਅਤੇ ਕਣਕ ਦੇ ਸੀਜ਼ਨ ਮੌਕੇ ਕੰਮ ਕਰਨ ਵਾਲੇ ਆੜ੍ਹਤੀਆਂ, ਮਜ਼ਦੂਰਾਂ, ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਪਖਾਨੇ ਨਾ ਹੋਣ ਕਾਰਨ ਇਨ੍ਹਾਂ ਨੂੰ ਖੁਲ੍ਹੇ ਵਿਚ ਜਾਣਾ ਪੈਂਦਾ ਹੈ। ਜਾਣਕਾਰੀ ਅਨੁਸਾਰ ਸੰਨ 1999 ਵਿਚ ਬਣਿਆ ਇਹ ਫੋਕਲ ਪੁਆਇੰਟ ਇਲਾਕੇ ਦੇ ਕਈ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਇਆ। ਇਸ ਫੋਕਲ ਪੁਆਇੰਟ ’ਚ ਸਥਿਤ ਦਾਣਾ ਮੰਡੀ ਵਿਖੇ ਕਰੀਬ 12 ਆੜ੍ਹਤੀ ਫ਼ਸਲੀ ਸੀਜ਼ਨ ਦੌਰਾਨ ਆਪਣਾ ਕਾਰੋਬਾਰ ਕਰਦੇ ਹਨ ਅਤੇ ਹਰ ਆੜ੍ਹਤੀ ਕੋਲ ਕਰੀਬ 25 ਤੋਂ 30 ਮਜ਼ਦੂਰ ਪੂਰਾ ਸੀਜ਼ਨ ਦਿਨ-ਰਾਤ ਕੰਮ ਕਰਦੇ ਹਨ। ਫ਼ਸਲਾਂ ਦੇ ਸੀਜ਼ਨ ਮੌਕੇ ਕਿਸਾਨਾਂ ਦੇ ਨਾਲ-ਨਾਲ ਪ੍ਰਸ਼ਾਸਨਿਕ, ਮੰਡੀ ਬੋਰਡ, ਮਾਰਕੀਟ ਕਮੇਟੀ ਅਤੇ ਹੋਰ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਕਰਮਚਾਰੀ ਇੱਥੇ ਆਪਣੇ ਆਪਣੇ ਕੰਮਾਂ ਲਈ ਆਉਂਦੇ ਹਨ। ਪੂਰੇ ਦੇਸ਼ ’ਚ ਸਵੱਛਤਾ ਮੁਹਿੰਮ ਚੱਲਣ ਦੇ ਬਾਵਜੂਦ ਇੱਥੇ ਬਾਥਰੂਮਾਂ ਦਾ ਨਾ ਹੋਣਾ ਅਧਿਕਾਰੀਆਂ ਦੀ ਲਾਪਰਵਾਹੀ ਨੂੰ ਦਰਸਾਉਂਦਾ ਹੈ। ਕਰੀਬ 2 ਸਾਲ ਪਹਿਲਾਂ ਮਾਰਕੀਟ ਕਮੇਟੀ ਮੁਕੇਰੀਆਂ ਵਲੋਂ ਇੱਥੇ ਅੱਧੇ ਅਧੂਰੇ ਬਾਥਰੂਮ ਦਾ ਨਿਰਮਾਣ ਕਰਵਾਇਆ ਗਿਆ ਜਿਨ੍ਹਾਂ ਨੂੰ ਅੱਜ ਤੱਕ ਸ਼ੁਰੂ ਨਾ ਕਰਨ ਕਰਕੇ ਲੋਕਾਂ ਵੱਲੋਂ ਫੋਕਲ ਪੁਆਇੰਟ ਦੇ ਨਾਲ ਲਗਦੇ ਖੇਤਾਂ ਵਿਚ ਖੁੱਲੇ੍ਹ ਵਿਚ ਬਾਥਰੂਮ ਕੀਤਾ ਜਾ ਰਿਹਾ ਹੈ ਜਿਸ ਕਾਰਨ ਆਸ ਪਾਸ ਦੇ ਖੇਤਾਂ ਦੇ ਮਾਲਕ ਅਤੇ ਵਸਨੀਕ ਬਹੁਤ ਪ੍ਰੇਸ਼ਾਨ ਹਨ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਇਕ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਥਰੂਮ ਦਾ ਨਿਰਮਾਣ ਸਾਡੇ ਦੂਸਰੇ ਵਿੰਗ ਹੁਸ਼ਿਆਰਪੁਰ ਵੱਲੋਂ ਕੀਤਾ ਗਿਆ ਹੈ ਜਿਸ ਕਾਰਨ ਇਸ ਦੇ ਨਿਰਮਾਣ, ਲਾਗਤ ਅਤੇ ਬਾਕੀ ਗੱਲਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦੋਂ ਕਿ ਸੂਤਰਾਂ ਅਨੁਸਾਰ ਇਸ ਬਾਥਰੂਮ ਦੇ ਨਿਰਮਾਣ ’ਤੇ ਹੋਇਆ ਖ਼ਰਚਾ ਮਾਰਕੀਟ ਕਮੇਟੀ ਵਲੋਂ ਹੀ ਅਦਾ ਕੀਤਾ ਗਿਆ ਹੈ। ਮਾਰਕੀਟ ਕਮੇਟੀ ਵਲੋਂ ਇਸ ਬਾਥਰੂਮ ਦੇ ਢਾਂਚੇ ਦਾ ਜਿਨ੍ਹਾਂ ਵੀ ਨਿਰਮਾਣ ਕੀਤਾ ਗਿਆ ਸੀ, ਉਸ ਦੀ ਦੇਖਭਾਲ ਨਾ ਹੋਣ ਕਾਰਨ ਉੱਥੇ ਉੱਗੀ ਘਾਹ ਬੂਟੀ ਨੇ ਜੰਗਲ ਦਾ ਰੂਪ ਧਾਰਨ ਕਰ ਲਿਆ ਹੈ। ਲੋਕਾਂ ਨੇ ਡੀ. ਸੀ. ਹੁਸ਼ਿਆਰਪੁਰ ਪਾਸੋਂ ਮੰਗ ਕੀਤੀ ਕਿ ਉਹ ਖ਼ੁਦ ਇਸ ਸਬੰਧੀ ਐਕਸ਼ਨ ਲੈ ਕੇ ਤੁਰੰਤ ਫੋਕਲ ਪੁਆਇੰਟ ਪੰਜਢੇਰਾ ਕਲਾਂ ਦਾਣਾ ਮੰਡੀ ਵਿਖੇ ਪਖਾਨਿਆਂ ਦਾ ਨਿਰਮਾਣ ਕਰਵਾਉਣ ਅਤੇ ਪਹਿਲਾਂ ਬਣੇ ਅਧੂਰੇ ਢਾਂਚੇ ਦੀ ਜਾਂਚ ਦੇ ਆਦੇਸ਼ ਜਾਰੀ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ।