ਚੌਂਕੀਮਾਨ, 13 ਫਰਵਰੀ (ਤੇਜਿੰਦਰ ਸਿੰਘ ਚੱਢਾ)-ਅੱਜ ਐੱਮ.ਐੱਲ.ਡੀ. ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿਖੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਪ੍ਰੀਤਮ ਸਿੰਘ ਗਿੱਲ ਯੂ.ਐੱਸ.ਏ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਸਾਰੇ ਵਿਦਿਆਰਥੀਆਂ ਨੇ ਸਕੂਲ ਨਾਲ ਜੁੜੇ ਆਪਣੇ 14 ਸਾਲਾਂ ਦੇ ਸਫ਼ਰ ਨੂੰ ਆਪ-ਬੀਤੀਆਂ ਰਾਹੀਂ ਬਹੁਤ ਹੀ ਦਿਲਚਸਪੀਆਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਇਹ ਸਾਡੀ ਜ਼ਿੰਦਗੀ ਦੇ ਮੁੱਢਲੇ ਸਫ਼ਰ ਦੀਆਂ ਇਹ ਅਭੁੱਲ ਯਾਦਾਂ ਹਨ, ਜੋ ਸਾਰੀ ਉਮਰ ਯਾਦ ਰਹਿਣਗੀਆਂ ਅਤੇ ਜਾਣਿਆ ਅਣਜਾਣੇ ਵਿਚ ਕੀਤੀਆਂ ਗਲਤੀਆਂ 'ਤੇ ਪਛਤਾਵਾ ਵੀ ਮਹਿਸੂਸ ਕੀਤਾ | ਮੈਡਮ ਜਸਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਮਿਹਨਤ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਐੱਮ.ਐੱਲ.ਡੀ. ਸਕੂਲ ਤੋਂ ਪੜ੍ਹਕੇ ਸੈਂਕੜੇ ਵਿਦਿਆਰਥੀ ਦੇਸ਼ਾਂ-ਵਿਦੇਸ਼ਾਂ ਵਿਚ ਕਾਮਯਾਬੀਆਂ ਹਾਸਲ ਕਰ ਰਹੇ ਹਨ | ਇਸ ਸਕੂਲ ਦੇ ਵਿਦਿਆਰਥੀ ਕੈਨੇਡਾ, ਆਸਟ੍ਰੇਲੀਆ ਦੀ ਪੁਲਿਸ ਅਫ਼ਸਰ ਤੋਂ ਲੈ ਕੇ ਕਮਿਸ਼ਨਰ ਅਤੇ ਸਿਵਲ ਸਕੱਤਰੇਤ ਪੰਜਾਬ ਵਿਚ ਬਤੌਰ ਅਫ਼ਸਰ ਡਿਊਟੀ ਕਰ ਰਹੇ ਹਨ ਅਤੇ ਦੇਸ਼ਾਂ-ਵਿਦੇਸ਼ਾਂ ਵਿਚ ਡਾਕਟਰ, ਇੰਜੀਨੀਅਰ, ਮੈਡੀਕਲ ਅਤੇ ਸਮਾਜ ਸੇਵਾ ਵਿਚ ਆਪਣਾ ਯੋਗਦਾਨ ਪਾ ਰਹੇ ਹਨ, ਹੁਣ ਅਸੀਂ ਇਹ ਉਮੀਦ ਤੁਹਾਡੇ ਤੋਂ ਕਰਦੇ ਹਾਂ | ਮੈਡਮ ਰਮਨਪ੍ਰੀਤ ਕੌਰ ਨੇ ਕੈਰੀਅਰ ਗਾਈਡੈਂਸ ਬਾਰੇ ਬੋਲਦਿਆਂ ਕਿਹਾ ਕਿ ਵਿਦਿਆਰਥੀ ਕੈਰੀਅਰ ਸਬੰਧੀ ਫ਼ੈਸਲੇ ਬਹੁਤ ਹੀ ਸਾਵਧਾਨੀਆਂ ਲੈਣ | ਇਸ ਮੌਕੇ ਸਾਰੇ ਅਧਿਆਪਕ ਸਾਹਿਬਾਨ ਨੇ ਆਪਣੇ ਸ਼ਬਦਾਂ ਰਾਹੀਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸ਼ਾਨਦਾਰ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਪ੍ਰੀਤਮ ਸਿੰਘ ਗਿੱਲ ਨੇ ਵਿਦਿਆਰਥੀ ਨੂੰ ਮਿਹਨਤ ਕਰਕੇ ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਆ, ਇਸ ਮੌਕੇ ਸਮੂਹ ਸਟਾਫ਼ ਨੇ ਪ੍ਰੀਤਮ ਸਿੰਘ ਗਿੱਲ ਦਾ ਸਨਮਾਨ ਵੀ ਕੀਤਾ | ਪਿ੍ੰਸੀਪਲ ਬਲਦੇਵ ਬਾਵਾ ਨੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਭਵਿੱਖ ਲਈ ਸ਼ੁਭ ਇਛਾਵਾਂ ਦਿੰਦਿਆ ਕਿਹਾ ਕਿ ਵਿਦਿਆਰਥੀ ਕਾਮਯਾਬੀ ਹਾਸਲ ਕਰਨ ਲਈ ਸੁਪਨਿਆਂ ਅਤੇ ਕਲਪਨਾਵਾਂ ਦੀ ਜ਼ਿੰਦਗੀ ਤੋਂ ਬਾਹਰ ਆ ਕੇ ਜ਼ਿੰਦਗੀ ਦੀ ਅਸਲੀਅਤ ਅਤੇ ਚੁਣੌਤੀਆਂ ਨਾਲ ਸੰਘਰਸ਼ ਕਰਨ ਤਾਂ ਜੋ ਪ੍ਰਾਪਤੀਆਂ ਹੋ ਸਕਣ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਮੁੱਢਲੇ ਪੜਾਅ ਸਕੂਲਿੰਗ ਦੌਰਾਨ ਸਕੂਲ ਅਤੇ ਅਧਿਆਪਕ ਸਾਹਿਬਾਨ ਨੇ ਵਿਦਿਆਰਥੀਆਂ ਦੀ ਜੀਵਨ ਸੇਧ ਅਤੇ ਪੜ੍ਹਾਈ ਪ੍ਰਤੀ ਆਪਣਾ ਬਣਦਾ ਹਰ ਫਰਜ਼ ਬਾਖ਼ੂਬੀ ਨਿਭਾਇਆ ਤੇ ਮੈਨੂੰ ਆਪਣੀ ਅਧਿਆਪਕ ਸਾਹਿਬਾਨ ਦੀ ਟੀਮ 'ਤੇ ਮਾਣ ਹੈ | ਇਸ ਮੌਕੇ ਮੈਡਮ ਜਸਮਿੰਦਰ ਕੌਰ, ਮੈਡਮ ਦਲਵੀਰ ਕੌਰ, ਮੈਡਮ ਅੰਮਿ੍ਤਪਾਲ ਕੌਰ, ਗੁਰਚਰਨ ਸਿੰਘ, ਗੁਰਿੰਦਰਪਾਲ ਸਿੰਘ, ਬਿੰਦਰਪਾਲ ਸਿੰਘ, ਤੇਜਿੰਦਰਪਾਲ ਸਿੰਘ, ਹਰਵਿੰਦਰ ਸਿੰਘ, ਮਨਦੀਪ ਸਿੰਘ, ਮੈਡਮ ਸੁਖਦੀਪ ਕੌਰ, ਮੈਡਮ ਹਰਮਨਦੀਪ ਕੌਰ ਅਤੇ ਮੈਡਮ ਰਮਨਪ੍ਰੀਤ ਕੌਰ ਹਾਜ਼ਰ ਸਨ |