ਮੁੱਲਾਂਪੁਰ-ਦਾਖਾ-ਦਮਦਮੀ ਟਕਸਾਲ ਦੇ ਮਹਾਂਪੁਰਸ਼ਾਂ ਦੇ ਜੀਵਨ ਦਾ ਮੂਲ ਟੀਚਾ ਧਰਮ ਦਾ ਪ੍ਰਚਾਰ ਅਤੇ ਭੁੱਲਿਆਂ-ਭਟਕਿਆਂ ਨੂੰ ਗੁਰਮਤਿ ਦਾ ਰਾਹ ਦਿਖਾਉਣਾ ਰਿਹਾ ਹੈ, ਅਜਿਹੇ ਮਹਾਂਪੁਰਸ਼ਾਂ ਵਿਚੋਂ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਹੋਏ ਹਨ | ਗੁਰਮਤਿ ਦੇ ਇਸ ਮਹਾਨ ਵਿਦਵਾਨ, ਸੁਭਾਅ ਦੇ ਤਿਆਗੀ, ਪਰਉਪਕਾਰੀ, ਸਾਦੇ ਲਿਬਾਸ ਵਾਲੇ, ਗੁਰਬਾਣੀ ਦੇ ਲਾਸਾਨੀ ਵਿਆਖਿਆਕਾਰ ਤੇ ਮਹਾਨ ਪੰਥਕ ਸ਼ਖ਼ਸੀਅਤ ਦਾ ਜਨਮ ਪੂਰਨ ਗੁਰਸਿੱਖ ਬਾਬਾ ਖਜ਼ਾਨ ਸਿੰਘ ਦੇ ਘਰ ਮਾਤਾ ਮਹਿਤਾਬ ਕੌਰ ਦੀ ਕੁੱਖੋਂ 8 ਭਾਦਰੋਂ 1883 ਈ: ਨੂੰ (ਉਸ ਸਮੇਂ ਦੇ) ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਵਿਖੇ ਹੋਇਆ | ਗੁਰਮਤਿ ਮੁੱਢਲੀ ਅਰਥ ਵਿੱਦਿਆ ਗ੍ਰਹਿਣ ਕਰਨ ਤੋਂ ਬਾਅਦ ਉਨ੍ਹਾਂ ਪੰਜ ਗ੍ਰੰਥੀ, ਬਾਈ ਵਾਰਾਂ, ਭਗਤਾਂ ਦੀ ਬਾਣੀ ਦੀ ਸੰਥਿਆ ਗ੍ਰਹਿਣ ਕੀਤੀ | ਉਸ ਤੋਂ ਬਾਅਦ ਪੰਡਿਤ ਜੀਵਾ ਸਿੰਘ ਤੋਂ ਸੰਤ ਗਿਆਨੀ ਸੁੰਦਰ ਸਿੰਘ ਨੇ ਕਾਵਿ-ਕੋਸ਼ ਸੰਸਕਿ੍ਤ ਦਾ ਵਿਆਕਰਨ ਪੜਿ੍ਹਆ ਅਤੇ ਵੇਦਾਂਤ ਗ੍ਰੰਥ ਵੀ ਵਿਚਾਰੇ | ਆਪ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦਾਦ ਅੰਦਰ ਰਹਿ ਕੇ ਪੰਡਿਤ ਜੁਆਲਾ ਸਿੰਘ ਦਾਸ ਤੋਂ ਵੀ ਗੁਰਬਾਣੀ ਦੀ ਵਿੱਦਿਆ ਪੜ੍ਹੀ | ਗੁਰਬਾਣੀ ਦੀ ਕਥਾ, ਟਕਸਾਲੀ ਅਰਥਾਂ ਅਤੇ ਬ੍ਰਹਮਗਿਆਨ ਦੀ ਦਾਤ ਆਪ ਨੇ ਸੰਤ ਬਿਸ਼ਨ ਸਿੰਘ ਮੁਰਾਲੇ ਵਾਲਿਆਂ ਤੋਂ ਪ੍ਰਾਪਤ ਕੀਤੀ | ਸੰਤ ਬਿਸ਼ਨ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਟਕਸਾਲ ਦੇ ਮੁੱਖ ਸੇਵਾਦਾਰ ਬਣੇ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਤੇ ਕਥਾ ਆਪ ਨੇ ਆਪਣੇ ਜ਼ੱਦੀ ਪਿੰਡ ਭਿੰਡਰ ਕਲਾਂ ਤੋਂ ਸ਼ੁਰੂ ਕੀਤੀ | ਅੰਮਿ੍ਤ ਸੰਚਾਰ ਲਹਿਰ ਨੂੰ ਪ੍ਰਚੰਡ ਬਣਾਉਣ ਦੇ ਨਾਲ-ਨਾਲ ਸੰਤ ਗਿਆਨੀ ਸੁੰਦਰ ਸਿੰਘ ਭਿੰਡਰਾਂ ਵਾਲਿਆਂ ਨੇ ਅਕਾਲੀ ਲਹਿਰ ਦੇ ਹਰ ਇਕ ਮੋਰਚੇ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲਿਆ | ਮੁਕਤਸਰ ਦੇ ਮੋਰਚੇ, ਗੁਰੂ ਕੇ ਬਾਗ ਮੋਰਚੇ ਤੇ ਗੰਗਸਰ ਜੈਤੋ ਦੇ ਮੋਰਚੇ ਵਿਚ ਆਪ ਨੇ ਸੰਤ ਅਜਾਇਬ ਸਿੰਘ ਬੋਪਾਰਾਏ ਕਲਾਂ ਅਤੇ ਭਾਈ ਹਜ਼ੂਰਾ ਸਿੰਘ ਦੀ ਅਗਵਾਈ ਹੇਠ ਜਥੇ ਭੇਜੇ | ਭਿੰਡਰ ਕਲਾਂ ਵਿਖੇ ਗੁਰਦੁਆਰਾ ਅਖੰਡ ਪ੍ਰਕਾਸ਼ ਤੇ ਤਖਤੂਪੁਰੇ ਵਿਚ ਸਰੋਵਰ ਦੀ ਸੇਵਾ ਕਰਾਉਣ ਤੋਂ ਬਾਅਦ ਸੰਨ 1924 ਵਿਚ ਗੁਰਦੁਆਰਾ ਸੱਚਖੰਡ ਬੋਪਾਰਾਏ ਕਲਾਂ ਜ਼ਿਲ੍ਹਾ ਲੁਧਿਆਣਾ ਦੀ ਪੰਜ ਪਿਆਰਿਆਂ ਕੋਲੋਂ ਨੀਂਹ ਰਖਵਾਈ | ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲੇ, ਜਥੇਦਾਰ ਗੁਰਦਿਆਲ ਸਿੰਘ ਬੋਪਾਰਾਏ ਕਲਾਂ, ਸੰਤ ਨਰਾਇਣ ਸਿੰਘ ਲਧਾਈਕੇ ਸਮੇਤ ਦਰਜਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪ ਤੋਂ ਗੁਰਮਤਿ ਵਿੱਦਿਆ ਦੀ ਦਾਤ ਪ੍ਰਾਪਤ ਕੀਤੀ | ਸੰਤ ਗਿਆਨੀ ਸੁੰਦਰ ਸਿੰਘ ਭਿੰਡਰਾਂ ਵਾਲੇ 15 ਫਰਵਰੀ 1930 ਨੂੰ ਗੁਰਦੁਆਰਾ ਸੱਚਖੰਡ ਬੋਪਾਰਾਏ ਕਲਾਂ ਵਿਖੇ ਸੱਚਖੰਡ ਗਮਨ ਕਰ ਗਏ | ਹਰ ਸਾਲ ਵਾਂਗ ਗੁਰਦੁਆਰਾ ਸੱਚਖੰਡ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਬੋਪਾਰਾਏ ਕਲਾਂ (ਲੁਧਿਆਣਾ) ਇਲਾਕੇ ਦੇ ਸਹਿਯੋਗ ਨਾਲ ਸੰਤ ਗਿਆਨੀ ਸੁੰਦਰ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਅੱਜ 15 ਫਰਵਰੀ ਗੁਰਦੁਆਰਾ ਸੱਚਖੰਡ ਬੋਪਾਰਾਏ ਕਲਾਂ ਵਿਖੇ ਮਨਾਇਆ ਜਾ ਰਿਹਾ ਹੈ | -ਨਿਰਮਲ ਸਿੰਘ ਧਾਲੀਵਾਲ