ਮੁੱਲਾਂਪੁਰ-ਦਾਖਾ, 1 ਮਾਰਚ (ਨਿਰਮਲ ਸਿੰਘ ਧਾਲੀਵਾਲ)-'ਪੰਜਾਬ ਬਚਾਓ-ਸੁਖਬੀਰ ਸਿੰਘ ਬਾਦਲ ਲਿਆਓ' ਸ਼੍ਰੋਮਣੀ ਅਕਾਲੀ ਦਲ (ਬ) ਦੇ ਉਲੀਕੇ ਪ੍ਰੋਗਰਾਮ ਹੇਠ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਦੇ ਯਤਨਾਂ ਨਾਲ ਅਤਿ-ਆਧੁਨਿਕ (ਹਾਈਟੈੱਕ) ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਅੰਦਰ ਸੁਸ਼ੋਭਿਤ ਕੀਤੀ ਭਾਰਤੀ ਹਵਾਈ ਫੌਜ਼ ਨੈਟ ਜਹਾਜ਼ਾਂ ਦੇ ਮਾਸਟਰ ਗਰੀਨ ਪਾਇਲਟ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੀ ਫੌਜ਼ੀ ਵਰਦੀ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੀ ਗਈ | ਬਾਦਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸ਼੍ਰੋਮਣੀ ਅਕਾਲੀ ਦਲ (ਬ) ਦੀ ਹੋਰ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ | ਸ਼ਹੀਦਾਂ ਨੂੰ ਸਿਜਦਾ ਕਰਦਿਆਂ ਸੁਖਬੀਰ ਸਿੰਘ ਬਾਦਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਮੇਰੇ ਸਤਿਕਾਰਿਤ ਪਿਤਾ ਅਤੇ ਮਰਹੂਮ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ ਦਾ ਨਿਰਮਾਣ ਕਰਵਾਇਆ, ਜਿਥੇ ਆਜ਼ਾਦੀ ਸੰਗ੍ਰਾਮੀਆਂ ਦੀਆਂ ਯਾਦਗਾਰਾਂ ਨੂੰ ਅਜਾਇਬ ਘਰ ਦਾ ਰੂਪ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਹਲਕਾ ਦਾਖਾ 'ਚ ਸਭ ਨਾਲੋਂ ਛੋਟੀ ਉਮਰ ਦੇ ਅਮਰ ਸ਼ਹੀਦ ਕਰਤਾਰ ਸਿੰਘ ਦੇ ਪਿੰਡ ਸਰਾਭਾ ਵਿਖੇ ਸ਼ਹੀਦੀ ਸਮਾਰਕ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਬਣੀ | ਸੁਖਬੀਰ ਸਿੰਘ ਬਾਦਲ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਇਕਲੌਤੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਪਿੰਡ ਈਸੇਵਾਲ ਨੂੰ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਨਮੂਨੇ ਦਾ ਬਣਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ਭਾਰਤ-ਪਾਕਿ: 1971 ਜੰਗ ਦੌਰਾਨ ਇਕੱਲੇ ਨਿਰਮਲਜੀਤ ਸਿੰਘ ਸੇਖੋਂ ਨੇ ਆਪਣੇ ਨੈਟ ਜਹਾਜ਼ ਰਾਹੀਂ ਪਾਕਿਸਤਾਨ ਦੇ 6 ਜਹਾਜ਼ਾਂ ਨਾਲ ਮੁਕਾਬਲਾ ਕੀਤਾ, ਪਾਕਿਸਤਾਨੀ ਜਹਾਜ਼ਾਂ ਦਾ ਆਪਣੇ ਜਹਾਜ਼ ਰਾਹੀਂ ਪਿੱਛਾ ਕਰਦਿਆਂ ਜੰਗ ਦੌਰਾਨ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਸ਼ਹਾਦਤ ਦਾ ਜਾਮ ਪੀ ਗਏ | ਸਾਲ 1972 ਦੇ ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਵਲੋਂ ਨਿਰਮਲਜੀਤ ਸਿੰਘ ਸੇਖੋਂ ਨੂੰ ਸ਼ਹੀਦੀ ਉਪਰੰਤ ਪਰਮਵੀਰ ਚੱਕਰ ਨਾਲ ਨਿਵਾਜਿਆ ਗਿਆ | ਸ਼ਹੀਦ ਸੇਖੋਂ ਦਾ ਜਨਮ ਜੁਲਾਈ 1945 ਵਿਚ ਨਾਨਕਾ ਪਿੰਡ ਰੁੜਕਾ ਕਲਾਂ ਵਿਖੇ ਹੋਇਆ | ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਦਫ਼ਤਰ ਅੰਦਰ ਭਾਰਤੀ ਹਵਾਈ ਸੈਨਾ ਦੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੀ ਵਰਦੀ ਸੁਸ਼ੋਭਿਤ ਕਰਨ ਸਮੇਂ ਮਹੇਸ਼ਇੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਢਿੱਲੋਂ, ਸ਼ਰਨਜੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਗਰੇਵਾਲ, ਕਮਲ ਚੇਤਲੀ, ਚੇਅਰਮੈਨ ਅਮਰਜੀਤ ਸਿੰਘ ਸਵਾਜਪੁਰਾ ਚੰਦ ਸਿੰਘ ਡੱਲਾ, ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ, ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ, ਚੇਅਰਮੈਨ ਬਲਦੇਵ ਸਿੰਘ ਬੀੜ ਗਗੜਾ, ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ, ਡਾ: ਸੁਖਪਾਲ ਸਿੰਘ ਸੇਖੋਂ ਈਸੇਵਾਲ ਕੁਲਦੀਪ ਸਿੰਘ ਖਾਲਸਾ ਈਸੇਵਾਲ, ਸਾਬਕਾ ਸਰਪੰਚ ਹਰਿੰਦਰ ਸਿੰਘ ਈਸੇਵਾਲ, ਸਰਪੰਚ ਸਵਰਨ ਸਿੰਘ ਛੱਜਾਵਾਲ, ਅਮਨਦੀਪ ਸਿੰਘ ਸਵੱਦੀ, ਅੰਮਿ੍ਤਪਾਲ ਸਿੰਘ ਖੰਡੂਰ, ਸੁਰਿੰਦਰ ਸਿੰਘ ਲਤਾਲਾ ਹੋਰ ਮੌਜੂਦ ਰਹੇ |
ਹਲਕਾ ਦਾਖਾ ਅਕਾਲੀ ਦਲ ਦੇ ਦਫ਼ਤਰ 'ਚ ਸੁਸ਼ੋਭਿਤ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੀ ਵਰਦੀ ਤੋਂ ਸੁਖਬੀਰ ਸਿੰਘ ਬਾਦਲ ਨੇ ਹਟਾਇਆ ਪਰਦਾ <br/>
ਅਜੀਤ ਡੈਸਕ
02-03-2026