'ਆਪ' ਸਰਕਾਰ ਡਰਾਮੇਬਾਜ਼ੀ ਨਹੀਂ, ਸਗੋਂ ਮਜ਼ਦੂਰ ਜਮਾਤ ਦੇ ਹੱਕ 'ਚ ਠੋਸ ਨੀਤੀ ਅਪਣਾਏ-ਸੀਟੂ
ਅਜੀਤ ਡੈਸਕ
01-05-2026
ਰਾਏਕੋਟ, 30 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸੀਟੂ ਨੇ ਪੰਜਾਬ ਸਰਕਾਰ ਦੇ ਮਈ ਦਿਵਸ ਮੌਕੇ ਵਿਸ਼ੇਸ਼ ਵਿਧਾਨ ਸਭਾ ਦੇ ਇਜਲਾਸ ਵਿਚ ਟਰੇਡ ਯੂਨੀਅਨਜ਼ ਆਗੂਆਂ ਨੂੰ ਦਰਸ਼ਕ/ਮਹਿਮਾਨ ਵਜੋਂ ਬੁਲਾਏ ਜਾਣ ਨੂੰ ਇਕ ਹੋਰ ਡਰਾਮੇਬਾਜ਼ੀ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਪਹਿਲਾਂ ਕਿਰਤੀ ਸ਼੍ਰੇਣੀ ਲਈ ਆਪਣੇ ਮੂੰਹੋਂ ਮੀਆਂ-ਮਿੱਠੂ ਬਣਨ ਦੀ ਬਜਾਏ ਠੋਸ, ਸਮੁੱਚੀ ਉਸਾਰੂ ਨੀਤੀ ਦਾ ਖਰੜਾ ਅਤੇ ਠੋਸ ਕਦਮ ਪੁੱਟਣ ਦਾ ਐਲਾਨ ਕਰੇ | ਗੁਰੀਲਾ ਨਗਰ ਰਾਏਕੋਟ ਵਿਖੇ ਸੀਟੂ ਦੇ ਮੁੱਖ ਦਫ਼ਤਰ ਵਿਚ ਨਰਿੰਦਰ ਸਿੰਘ ਬੜਿੰਗ ਅਤੇ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਸੀਟੂ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਵੀ ਪੰਜਾਬ ਦੀ ਅਸੈਂਬਲੀ ਵਿਚ ਮਨਰੇਗਾ ਕਾਨੂੰਨ ਨੂੰ ਬਹਾਲ ਕਰਵਾਉਣ ਲਈ ਇਕ ਰਸਮੀ ਮਤਾ ਪਾਸ ਕੀਤਾ ਗਿਆ ਸੀ ਜਦਕਿ ਇਸਦੇ ਸਬੰਧ 'ਚ ਬਾਅਦ ਵਿਚ ਡੱਕਾ ਵੀ ਦੂਹਰਾ ਨਹੀਂ ਕੀਤਾ ਗਿਆ | 'ਆਪ' ਪਾਰਟੀ ਦੀ ਸਰਕਾਰ ਨੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ 4 ਲੇਬਰ ਕੋਡ ਲਾਗੂ ਕਰਨ ਲਈ ਅਤੇ 8 ਘੰਟੇ ਦੀ ਬਜਾਏ 12 ਘੰਟੇ ਦੀ ਡਿਊਟੀ ਕਰਨ ਦੇ ਨੋਟੀਫਿਕੇਸ਼ਨ ਅਤੇ ਰੂਲਜ ਜਾਰੀ ਕਰ ਦਿੱਤੇ ਸਨ | ਪੰਜਾਬ ਸਰਕਾਰ ਨੇ ਪਿਛਲੇ 13 ਸਾਲਾਂ ਤੋਂ ਘੱਟੋ-ਘੱਟ ਉਜ਼ਰਤਾਂ ਦਾ ਵਾਧਾ ਨਹੀਂ ਕੀਤਾ ਗਿਆ, ਸਾਰੀਆਂ ਤਿੰਨ ਧਿਰਾਂ ਕਮੇਟੀਆਂ ਦਾ ਭੋਗ ਪਾ ਦਿੱਤਾ ਹੈ, ਹੱਕ ਮੰਗਦੇ ਮਜ਼ਦੂਰਾਂ ਉੱਤੇ ਤਸ਼ਦੱਦ ਢਾਹਿਆ ਜਾ ਰਿਹਾ ਹੈ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਨੂੰ ਫੜ ਕੇ ਜੇਲ ਵਿੱਚ ਡੱਕ ਦਿੱਤਾ ਸੀ, ਰੈਗੂਲਰ ਨੌਕਰੀ ਦੀ ਮੰਗ ਕਰ ਰਹੇ ਕੱਚੇ ਟਰਾਂਸਪੋਰਟ ਕਾਮਿਆਂ ਨੂੰ ਜੇਲਾਂ ਵਿਚ ਬੰਦ ਕੀਤਾ ਹੋਇਆ ਹੈ, ਸਾਰੇ ਸਕੀਮ ਵਰਕਰਾਂ ਦੇ ਮਾਣ-ਭੱਤੇ ਨੂੰ ਦੁੱਗਣਾ ਕਰਨ ਦਾ ਵਾਅਦਾ 4 ਸਾਲਾਂ ਵਿਚ ਯਾਦ ਨਹੀਂ ਆਇਆ, ਆਂਗਨਵਾੜੀ ਵਰਕਰਾਂ ਨੂੰ ਗ੍ਰੈਚਿਊਟੀ ਲਾਗੂ ਕਰਨ ਦਾ ਸੁਪਰੀਮ ਕੋਰਟ ਦਾ ਫ਼ੈਸਲਾ ਲਾਗੂ ਕਰਨ ਲਈ ਤਿਆਰ ਨਹੀਂ, ਮੁਲਾਜ਼ਮਾਂ ਦਾ 18 ਫੀਸਦੀ ਮਹਿੰਗਾਈ ਭੱਤਾ ਦੱਬ ਕੇ ਬੈਠੀ ਭਗਵੰਤ ਸਿੰਘ ਮਾਨ ਦੀ ਸਰਕਾਰ ਮਈ ਦਿਵਸ ਦੇ ਮੌਕੇ ਨੂੰ ਵੀ ਇਕ ਨਾਟਕ ਵਜੋਂ ਵਰਤਣਾ ਚਾਹੁੰਦੀ ਹੈ | ਸੀਟੂ ਸਮੇਤ ਸਾਰੀਆਂ ਮਜ਼ਦੂਰਾਂ, ਮੁਲਾਜ਼ਮਾਂ ਅਤੇ ਖੇਤ ਮਜ਼ਦੂਰਾਂ ਦੀਆਂ ਯੂਨੀਅਨਾਂ ਇਸ ਮਈ ਦਿਵਸ ਨੂੰ ਮਾਨ ਸਰਕਾਰ ਦੇ ਮਜ਼ਦੂਰ ਵਿਰੋਧੀ ਕਿਰਦਾਰ ਨੂੰ ਕਿਰਤੀਆਂ ਵਿਚ ਨੰਗਾ ਕਰਨ ਲਈ ਹੱਲਾ ਮਾਰਨਗੀਆਂ, ਸਰਕਾਰ ਦੀ ਸਾਜਿਸ਼ ਅਤੇ ਨਵੇਂ ਭਰਮ ਜਾਲ ਨੂੰ ਨੰਗਾ ਕਰਨਗੀਆਂ |