ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)-ਨਗਰ ਕੌਂਸਲ ਚੋਣਾਂ-2026 ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਆਪਣੀ ਚੋਣ ਸਰਗਰਮੀ ਤੇਜ਼ ਕਰ ਦਿੱਤੀ ਹੈ | ਅੱਜ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਮਨੋਹਰ ਲਾਲ ਲਾਡੀ ਦੀ ਪਿੱਠ ਥਾਪੜ ਕੇ ਉਨ੍ਹਾਂ ਨੂੰ ਵਾਰਡ ਨੰਬਰ-10 ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਐਲਾਨਿਆ ਅਤੇ ਚੋਣਾਂ ਵਿਚ ਡਟਕੇ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ | ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ ਮਨੋਹਰ ਲਾਲ ਲਾਡੀ ਇਮਾਨਦਾਰ ਤੇ ਸੂਝਵਾਨ ਆਗੂ ਹਨ, ਉਨ੍ਹਾਂ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਜਾਂਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਲਾਡੀ ਨੂੰ ਨਗਰ ਕੌਂਸਲ ਚੋਣਾਂ ਲਈ ਉਮੀਦਵਾਰ ਐਲਾਨ ਕਰਕੇ ਲੋਕਾਂ ਦੀ ਸੇਵਾ ਲਈ ਹਾਜ਼ਰ ਕੀਤਾ ਹੈ | ਵਿਧਾਇਕ ਨੇ ਦੱਸਿਆ ਕਿ ਮਨੋਹਰ ਲਾਡੀ ਸ਼ਹਿਰ ਦੇ ਚਹੇਤੇ ਆਗੂ ਵਜੋਂ ਜਾਣੇ ਜਾਂਦੇ ਹਨ, ਜਿੱਥੇ ਉਹ ਸ਼੍ਰੀ ਦੁਰਗਾ ਸ਼ਕਤੀ ਮੰਦਰ ਰਾਏਕੋਟ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਉੱਥੇ ਹੀ ਉਨ੍ਹਾਂ ਦਾ ਹਰ ਵਰਗ ਦੇ ਲੋਕਾਂ ਤੇ ਖ਼ਾਸਕਰ ਹਿੰਦੂ ਪਰਿਵਾਰਾਂ ਨਾਲ ਕਾਫ਼ੀ ਸਹਿਚਾਰ ਹੈ | ਇਸ ਮੌਕੇ ਉਮੀਦਵਾਰ ਮਨੋਹਰ ਲਾਡੀ ਨੇ ਪਾਰਟੀ ਹਾਈਕਮਾਂਡ ਤੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਉੱਪਰ ਪਾਰਟੀ ਵਲੋਂ ਜਤਾਏ ਭਰੋਸਾ 'ਤੇ ਕਾਇਮ ਰਹਿਣ ਲਈ ਉਹ ਅਣਥੱਕ ਮਿਹਨਤ ਕਰਨਗੇ ਅਤੇ ਵੋਟਾਂ ਵਿਚ 'ਆਪ' ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣਗੇ |